27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਿੱਖ ਸੰਸਥਾਵਾਂ ਤੇ ਗੁਰਦੁਆਰਾ ਕਮੇਟੀਆਂ ਦੇ ਪ੍ਰਬੰਧਕ-ਮੈਂਬਰ ਲਾਜ਼ਮੀ ਅੰਮਿ੍ਤਧਾਰੀ ਹੋਣ-ਜਥੇਦਾਰ 96 ਕਰੋੜੀ

ਅਜੀਤ ਡੈਸਕ 22-07-2025
ਅੰਮਿ੍ਤਸਰ, 21 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਹੈ ਕਿ ਗੁਰਦੁਆਰਾ ਸਾਹਿਬਾਨ ਦੀਆਂ ਲੋਕਲ ਕਮੇਟੀਆਂ ਦੇ ਪ੍ਰਬੰਧਕਾਂ, ਸਮੂੰਹ ਸਿੱਖ ਸੰਸਥਾਵਾਂ/ਸੰਪਰਦਾਵਾਂ ਦੇ ਅਹੁਦੇਦਾਰਾਂ ਤੇ ਮੈਂਬਰਾਂ ਨੂੰ ਲਾਜ਼ਮੀਂ ਤੌਰ 'ਤੇ ਅੰਮਿ੍ਤਧਾਰੀ ਹੋਣਾ ਚਾਹੀਦਾ ਹੈ | ਬੀਤੀ ਦੇਰ ਰਾਤ ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਸਲਾਨਾ ਕੀਰਤਨ ਦਰਬਾਰ ਉਪ੍ਰੰਤ ਦੀਵਾਨ ਮੁੱਖ ਦਫ਼ਤਰ ਸਮੂਹ ਵਿਖੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ 96 ਕਰੋੜੀ ਨੇ ਕਿਹਾ ਕਿ ਸੰਗਤਾਂ ਵਿਚ ਇਸ ਗੱਲ ਦਾ ਭਾਰੀ ਰੋਸ ਪਾਇਆ ਜਾਂਦਾ ਹੈ ਕਿ ਦੇਸ਼ ਵਿਦੇਸ਼ ਦੀਆਂ ਕਈ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕ ਤੇ ਮੁਲਾਜ਼ਮ ਅੰਮਿ੍ਤਧਾਰੀ ਨਹੀਂ ਹੁੰਦੇ, ਜਿਸ ਕਾਰਨ ਇਨ੍ਹਾਂ ਅਸਥਾਨਾਂ ਤੋਂ ਦਿੱਤਾ ਜਾਣ ਵਾਲਾ ਉਪਦੇਸ਼ ਆਮ ਸੰਗਤ ਗ੍ਰਹਿਣ ਨਹੀਂ ਕਰਦੀ | ਉਨ੍ਹਾਂ ਸਾਰੇ ਗੁਰਦੁਆਰਾ ਕਮੇਟੀਆਂ ਤੇ ਸਿੱਖ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਅੰਮਿ੍ਤਧਾਰੀ ਹੋ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਰਿਯਾਦਾ ਦੇ ਧਾਰਨੀ ਬਨਣ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਚੰਗਾ ਹੋਵੇ ਜਿਨ੍ਹਾਂ ਪ੍ਰਬੰਧਕਾਂ ਮੈਂਬਰਾਂ ਨੇ ਗੁਰੂ ਮਹਾਰਾਜ ਦਾ ਖੰਡੇ ਬਾਟੇ ਦਾ ਅੰਮਿ੍ਤਪਾਨ ਨਹੀਂ ਕੀਤਾ ਉਹ ਬਾਣੀ-ਬਾਣੇ ਦੇ ਧਾਰਨੀ ਹੋ ਕੇ ਗੁਰ ਮਰਿਯਾਦਾ 'ਚ ਰਹਿ ਕੇ ਸੰਜਮ ਭਰਿਆ ਜੀਵਨ ਬਤੀਤ ਕਰਨ | ਉਨ੍ਹਾਂ ਕਿਹਾ ਨਿੱਜਵਾਦ ਵਾਸਤੇ ਧਾਰਮਿਕ ਅਸਥਾਨਾਂ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ ਨਾ ਹੀ ਕਿਸੇ ਨੂੰ ਇਹ ਅਧਿਕਾਰ ਦਿੱਤਾ ਜਾਣਾ ਚਾਹੀਦਾ ਹੈ | ਧਾਰਮਿਕ ਅਸਥਾਨਾਂ ਨੂੰ ਮਿਲ ਰਹੀਆਂ ਫਰਜ਼ੀ ਧਮਕੀਆਂ ਬਾਰੇ ਉਨ੍ਹਾਂ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਧਾਰਮਿਕ ਅਸਥਾਨਾਂ ਵੱਲ ਜਿਸ ਨੇ ਭੈੜੀ ਅੱਖ ਨਾਲ ਤੱਕਿਆ ਖ਼ਾਲਸਾ ਪੰਥ ਵਲੋਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਤੇ ਸਮੁੱਚੀਆਂ ਨਿਹੰਗ ਸਿੰਘ ਫੌਜਾਂ ਗੁਰੂ ਘਰਾਂ ਦੀ ਸੁਰੱਖਿਆ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਦੇ ਨਾਲ ਹਨ | ਇਸ ਮੌਕੇ ਉਨ੍ਹਾਂ ਸਾਬਕਾ ਹਜ਼ੂਰੀ ਰਾਗੀ ਭਾਈ ਰਵਿੰਦਰ ਸਿੰਘ, 'ਅਜੀਤ' ਦੇ ਸਟਾਫ ਰਿਪੋਰਟਰ ਜਸਵੰਤ ਸਿੰਘ ਜੱਸ ਅਤੇ ਹੋਰਨਾਂ ਨੂੰ ਸਨਮਾਨਤ ਵੀ ਕੀਤਾ | ਇਸ ਮੌਕੇ ਦੀਵਾਨ ਦੇ ਪ੍ਰਧਾਨ ਡਾ: ਇੰਦਰਬੀਰ ਸਿੰਘ ਨਿੱਜਰ, ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰੰਘ ਬੇਦੀ, ਰਜਿੰਦਰ ਸਿੰਘ ਮਰਵਾਹ, ਅਜਾਇਬ ਸਿੰਘ ਅਭਿਆਸੀ ਤੇ ਹੋਰ ਸ਼ਖ਼ਸੀਅਤਾਂ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਰਾਯਨ ਸਕੂਲ ਦੀ ਆਰਾਧਿਆ ਮਹਿਤਾ ਦਾ ਸ਼ਤਰੰਜ ਟੂਰਨਾਮੈਂਟ 'ਚ ਤੀਜਾ ਸਥਾਨ ਅਗਲੀ ਖ਼ਬਰ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।