ਅੰਮਿ੍ਤਸਰ, 20 ਜੁਲਾਈ (ਰੇਸ਼ਮ ਸਿੰਘ)-ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਕਿਰਨਦੀਪ ਕੌਰ ਵਲੋਂ ਡੇਂਗੂ ਅਤੇ ਚਿਕਨਗੁਣੀਆ ਦੇ ਸੰਭਾਵਿਤ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਅਤੇ ਐਂਟੀ ਲਾਰਵਾ ਸਪਰੇ ਕਰਵਾਇਆ ਗਿਆ | ਇਸ ਦੌਰਾਨ ਛੇਹਰਟਾ ਦੇ ਇਲਾਕਿਆਂ ਵਿਚ ਡੇਂਗੂ ਤੇ ਚਿਕਨਗੁਣੀਆ ਪ੍ਰਤੀ ਆਮ ਜਨਤਾ ਨੂੰ ਜਾਗਰੂਕਤਾ ਦਾ ਸੰਦੇਸ਼ ਦਿੱਤਾ ਗਿਆ | ਇਸ ਉਪਰੰਤ ਉਨ੍ਹਾਂ ਵਲੋਂ ਵੱਖ ਵੱਖ ਥਾਵਾਂ ਦੀ ਜਾਂਚ ਕੀਤੀ ਗਈ ਅਤੇ ਖੜੇ ਪਾਣੀ ਵਿਚ ਸਪਰੇ ਕਰਵਾਏ ਗਏ | ਇਸ ਉਪਰੰਤ ਉਨ੍ਹਾਂ ਵਲੋਂ ਛੇਹਰਟਾ ਪੁਲਿਸ ਸਟੇਸ਼ਨ ਵਿਖੇ ਡੇਂਗੂ ਤੇ ਚਿਕਨਗੁਣੀਆ ਦੇ ਲਾਰਵੇ ਦੀ ਭਾਲ ਕੀਤੀ ਗਈ | ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਹਰਜੋਤ ਕੌਰ ਨੇ ਕਿਹਾ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ | ਜ਼ਿਲ੍ਹਾ ਐੱਮ.ਈ.ਆਈ.ਓ. ਅਮਰਦੀਪ ਸਿੰਘ ਨੇ ਦੱਸਿਆ ਕਿ ਡੇਂਗੂ ਦੇ ਆਮ ਲੱਛਣ ਤੇਜ਼ ਸਿਰ-ਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆ ਅਤੇ ਜੋੜਾਂ ਦਾ ਦਰਦ, ਅੱਖਾਂ ਦੇ ਪਿਛਲੇ ਹਿੱਸੇ ਦਰਦ, ਉਲਟੀਆਂ, ਨੱਕ-ਮੂੰਹ ਅਤੇ ਮਸੂੜਿਆਂ ਵਿਚੋਂ ਖੂਨ ਵਗਣਾ ਆਦਿ ਹੈ | ਇਸ ਮੌਕੇ ਤੇ ਐੱਸ. ਆਈ. ਸੁਖਦੇਵ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਹਰਮੀਤ ਸਿੰਘ, ਕੁਲਦੀਪ ਸਿੰਘ, ਗੁਰਪਾਲ ਸਿੰਘ, ਰਸ਼ਪਾਲ ਸਿੰਘ ਸਮੇਤ ਸਮੂਹ ਅਧਿਕਾਰੀ ਅਤੇ ਕਰਮਚਾਰੀ ਸ਼ਾਮਲ ਹੋਏ |