ਅੰਮਿ੍ਤਸਰ 20 ਜੁਲਾਈ (ਹਰਮਿੰਦਰ ਸਿੰਘ)-ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੀਆਂ ਹਦਾਇਤਾਂ 'ਤੇ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਦੀ ਨਿਗਰਾਨੀ ਹੇਠ ਅਤੇ ਸਿਹਤ ਅਫਸਰ ਡਾ: ਰਮਾ ਦੀ ਅਗਵਾਈ ਹੇਠ ਲੋਕਾਂ ਨੂੰ ਬਰਸਾਤ ਦੌਰਾਨ ਮਲੇਰੀਆ, ਡੇਂਗੂ ਅਤੇ ਹੋਰ ਬਿਮਾਰੀਆਂ ਤੋਂ ਬਚਾਉਣ ਲਈ ਨਿਗਮ ਦੇ ਸਿਹਤ ਵਿਭਾਗ ਵਲੋਂ ਪੱਛਮੀ ਜ਼ੋਨ ਅਧੀਨ ਆਉਂਦੀਆਂ ਮੁੱਖ ਸੜਕਾਂ 'ਤੇ ਸਫ਼ਾਈ ਮੁਹਿੰਮ ਚਲਾਈ ਗਈ | ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੈ ਇੰਦਰ ਸਿੰਘ ਵਲੋਂ ਭੰਡਾਰੀ ਪੁਲ ਤੋਂ ਲੈ ਕੇ ਇੰਡੀਆ ਗੇਟ ਛੇਹਰਟਾ ਤੱਕ ਸੜਕ ਨੂੰ ਗੋਦ ਲਿਆ ਗਿਆ ਹੈ | ਇਸ ਦੀ ਸਫਾਈ ਅਤੇ ਸਾਂਭ ਸੰਭਾਲ ਦੀ ਸਾਰੀ ਜ਼ਿੰਮੇਵਾਰੀ ਉਨ੍ਹਾਂ ਵਲੋਂ ਲਈ ਗਈ ਹੈ | ਸਰਕਾਰ ਵਲੋਂ ਚਲਾਈ ਗਈ ਸਫ਼ਾਈ ਮੁਹਿੰਮ 'ਸਫਾਈ ਅਪਣਾਓ ਬਿਮਾਰੀ ਭਜਾਓ' ਤਹਿਤ ਸੰਯੁਕਤ ਕਮਿਸ਼ਨਰ ਜੈਇੰਦਰ ਸਿੰਘ ਦੀ ਨਿਗਰਾਨੀ ਹੇਠ ਲੋਕਾਂ ਨੂੰ ਮਲੇਰੀਆ, ਡੇਂਗੂ ਅਤੇ ਬਰਸਾਤਾਂ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਕਰਨ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਰਕੇਸ਼ ਮਰਵਾਹਾ, ਸੈਨੇਟਰੀ ਇੰਸਪੈਕਟਰ ਰਵਿੰਦਰ ਕੁਮਾਰ, ਬ੍ਰਹਮ ਦਾਸ , ਸ਼ਾਮ ਸਿੰਘ , ਸੀ ਐਫ ਮਨਦੀਪ ਕੌਰ ਅਤੇ ਸਿਹਤ ਵਿਭਾਗ ਨਾਲ ਸਬੰਧਿਤ ਹੋਰ ਮੁਲਾਜ਼ਮ ਮੌਜੂਦ ਸਨ |