ਰਾਜਾਸਾਂਸੀ, 20 ਜੁਲਾਈ (ਹਰਦੀਪ ਸਿੰਘ ਖੀਵਾ)-ਨਸ਼ੇ ਸਾਡੇ ਸਮਾਜ ਲਈ ਇਕ ਕਲੰਕ ਹਨ ਤੇ ਸੂਬਾ ਸਰਕਾਰ ਇਨ੍ਹਾਂ ਮਾਰੂ ਨਸ਼ਿਆਂ ਨੂੰ ਜੜੋਂ ਖ਼ਤਮ ਕਰਨ ਲਈ ਵਚਨਬੱਧ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਪਿੰਡ ਮੀਰਾਂਕੋਟ ਖੁਰਦ ਵਿਖੇ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਰਕਲ ਪ੍ਰਧਾਨ ਗੁਰਮੁੱਖ ਸਿੰਘ ਨੰਬਰਦਾਰ ਮੀਰਾਂਕੋਟ ਤੇ ਸੁਰਿੰਦਰ ਕੌਰ ਸਰਪੰਚ ਮੀਰਾਂਕੋਟ ਖੁਰਦ ਦੀ ਅਗਵਾਈ ਵਿਚ ਰੱਖੇ ਗਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਨਸ਼ਿਆਂ 'ਚ ਫਸ ਰਹੇ ਹਨ, ਜੋ ਕਿ ਇਕ ਵੱਡਾ ਚਿੰਤਾ ਦਾ ਵਿਸ਼ਾ ਹੈ ਤੇ ਨਸ਼ੇ ਸਾਡੀ ਆਉਣ ਵਾਲੀ ਪੀੜ੍ਹੀ ਲਈ ਵੀ ਨੁਕਸਾਨਦਾਇਕ ਹਨ | ਇਨ੍ਹਾਂ ਨਸ਼ਿਆਂ ਨੇ ਸਾਡੀ ਜਵਾਨੀ ਦੀ ਬਰਬਾਦੀ ਦੇ ਨਾਲ-ਨਾਲ ਘਰਾਂ ਦੀ ਆਰਥਿਕ ਹਾਲਤ ਡਾਵਾਂਡੋਲ ਕਰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਇਕ ਤਹੱਈਆ ਕੀਤਾ ਹੈ ਕਿ ਪੰਜਾਬ 'ਚੋਂ ਨਸ਼ਿਆਂ ਨੂੰ ਖ਼ਤਮ ਕੀਤਾ ਜਾਵੇ, ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਅਸੀਂ ਸਾਰੇ ਇਕੱਠੇ ਹੋ ਕਿ ਹੰਭਲਾ ਮਾਰੀਏ ਅਤੇ ਸਰਕਾਰ ਦਾ ਸਾਥ ਦਈਏ | ਵਿਧਾਇਕ ਰਮਦਾਸ ਨੇ ਕਿਹਾ ਕਿ ਜਿਹੜਾ ਨੌਜਵਾਨ ਨਸ਼ਾ ਕਰਦਾ ਹੈ, ਉਸ ਨੂੰ ਸਮਝਾ ਕੇ ਉਸ ਦਾ ਇਲਾਜ ਕਰਵਾਇਆ ਜਾਵੇ | ਉਨ੍ਹਾਂ ਸਮੂਹ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਵੱਲ ਆਪਣਾ ਧਿਆਨ ਦੇਣ | ਇਸ ਮੌਕੇ ਲਾਕ ਪ੍ਰਧਾਨ ਗੁਰਮੁਖ ਸਿੰਘ ਮੀਰਾਂਕੋਟ, ਸੁਰਿੰਦਰ ਕੌਰ ਸਰਪੰਚ ਮੀਰਾਂਕੋਟ ਖੁਰਦ ਤੋਂ ਇਲਾਵਾ ਕੁਲਦੀਪ ਸਿੰਘ, ਕਰਮਵੀਰ ਸਿੰਘ, ਲਖਵਿੰਦਰ ਸਿੰਘ ਸਾਬਕਾ ਸਰਪੰਚ, ਹਰਵੰਤ ਸਿੰਘ ਸਾਬਕਾ ਸਰਪੰਚ, ਅਨਿਲ ਅਰੋੜਾ ਪੰਚ, ਪਰਮਜੀਤ ਸਿੰਘ ਪੰਚ, ਕਰਮਜੀਤ ਕੌਰ ਪੰਚ, ਦਲਜੀਤ ਕੌਰ ਪੰਚ, ਬੇਅੰਤ ਸਿੰਘ ਪੰਚ, ਹਰਜੀਤ ਸਿੰਘ ਠੇਕੇਦਾਰ, ਪਰਮਿੰਦਰ ਸਿੰਘ ਲਾਡੀ, ਹੀਰਾਪਾਲ ਸਿੰਘ, ਸੁਖਜਿੰਦਰ ਸਿੰਘ ਤੇ ਬਗੀਚਾ ਸਿੰਘ ਆਦਿ ਹਾਜ਼ਰ ਸਨ |