ਅੰਮਿ੍ਤਸਰ, 20 ਜੁਲਾਈ (ਰੇਸ਼ਮ ਸਿੰਘ)-ਇਥੇ ਸੀ. ਆਰ. ਪੀ. ਐੱਫ. ਜਵਾਨ ਭੂਸ਼ਣ ਹੰਸ ਅਤੇ ਉਸਦੇ ਪਰਿਵਾਰ 'ਤੇ ਹਮਲੇ ਅਤੇ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਦੇ ਮਾਮਲੇ 'ਚ ਡੀ. ਜੀ. (ਮਨੁੱਖੀ ਅਧਿਕਾਰ) ਸ੍ਰੀ ਨਰੇਸ਼ ਅਰੋੜਾ ਇਥੇ ਪੁੱਜੇ ਜਿਨ੍ਹਾਂ ਕਿਹਾ ਕਿ ਉਹ ਸਾਰੀ ਰਿਪੋਰਟ ਕਮਿਸ਼ਨ ਨੂੰ ਦੇਣਗੇ | ਡੀ. ਜੀ. ਸ੍ਰੀ ਅਰੋੜਾ ਨੇ ਪਹਿਲਾਂ ਮੌਕੇ ਦਾ ਦੌਰਾ ਕੀਤਾ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ | ਇਸ ਦੌਰਾਨ, ਉਨ੍ਹਾਂ ਨੇ ਸਾਰੀ ਘਟਨਾ ਦੇਖੀ ਤਾਂ ਜੋ ਪਤਾ ਲੱਗ ਸਕੇ ਕਿ ਇਸ ਲੜਾਈ ਪਿੱਛੇ ਅਸਲ ਕਾਰਨ ਕੀ ਹੈ | ਇਸ ਤੋਂ ਬਾਅਦ, ਉਨ੍ਹਾਂ ਨੇ ਦੋਵਾਂ ਧਿਰਾਂ ਦੇ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਗਵਾਹਾਂ ਤੋਂ ਕੁਝ ਪੁੱਛਗਿੱਛ ਵੀ ਕੀਤੀ | ਇਸ ਤੋਂ ਬਾਅਦ, ਡੀ. ਜੀ. ਨਰੇਸ਼ ਅਰੋੜਾ ਆਪਣੀ ਪੂਰੀ ਟੀਮ ਨਾਲ ਏ. ਸੀ. ਪੀ. (ਕੇਂਦਰੀ) ਜਸਪਾਲ ਸਿੰਘ ਦੇ ਦਫ਼ਤਰ ਪਹੁੰਚੇ ਅਤੇ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ | ਇਹ ਮਾਮਲਾ ਪੁਲਿਸ ਦੇ ਸ਼ੱਕੀ ਕਾਰਜਸ਼ੈਲੀ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣ ਗਿਆ ਹੈ | ਇਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਪੰਜਾਬ ਮੁਖੀ ਜੱਸੀ ਤਲਹਨ ਨੇ ਕਿਹਾ ਕਿ ਪੁਲਿਸ ਦਾ ਕੰਮ ਕਰਨ ਦਾ ਢੰਗ ਅਜੇ ਵੀ ਸ਼ੱਕੀ ਹੈ ਅਤੇ ਉਹ ਸਿਪਾਹੀ ਵਲੋਂ ਦੱਸੀਆਂ ਜਾ ਰਹੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹਨ | ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲਿਸ ਵਲੋਂ ਸਿਪਾਹੀ ਦੀ ਪੂਰੀ ਗੱਲਬਾਤ 'ਤੇ ਵਿਚਾਰ ਨਹੀਂ ਕੀਤਾ ਗਿਆ ਤਾਂ ਉਹ ਸੰਘਰਸ਼ ਦਾ ਰਸਤਾ ਅਪਣਾਉਣਗੇ | ਦੂਜੇ ਪਾਸੇ ਡੀ. ਜੀ. ਸੀ੍ਰ ਅਰੋੜਾ ਨੇ ਕਿਹਾ ਕਿ ਉਹ ਅਨੂਸੁਚਿਤ ਜਾਤੀ ਕਮਿਸ਼ਨ ਦੇ ਹੁਕਮਾਂ 'ਤੇ ਇਸ ਮਾਮਲੇ ਦੀ ਜਾਂਚ ਕਰਨ ਲਈ ਅੰਮਿ੍ਤਸਰ ਆਏ ਹਨ | ਪੁਲਿਸ ਵਲੋਂ ਦੋਵਾਂ ਧਿਰਾਂ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਉਹ ਜਲਦੀ ਹੀ ਪੂਰੇ ਮਾਮਲੇ ਦੀ ਵਿਸਥਾਰਤ ਰਿਪੋਰਟ ਤਿਆਰ ਕਰਕੇ ਜਮ੍ਹਾਂ ਕਰਵਾਉਣਗੇ |