ਅੰਮਿ੍ਤਸਰ, 20 ਜੁਲਾਈ (ਰੇਸ਼ਮ ਸਿੰਘ)-ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਇਥੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਭਾਸ਼ ਕਾਲੋਨੀ ਲੱਖਾ ਸਿੰਘ ਪਲਾਟ ਸੁਲਤਾਨਵਿੰਡ ਵਿਖੇ ਪੁੱਜੇ ਜਿੱਥੇ ਸਕੂਲ ਨੂੰ ਖਸਤਾ ਇਮਾਰਤ ਕਾਰਨ ਕਿਸੇ ਹੋਰ ਜਗ੍ਹਾ ਤਬਦੀਲ ਕਰ ਦਿੱਤਾ ਗਿਆ ਹੈ | ਹਾਲਤ ਦੇਖ ਕੇ ਲੋਕ ਸਭਾ ਮੈਂਬਰ ਸ: ਔਜਲਾ ਨੇ ਮੌਕੇ 'ਤੇ ਐੱਮ. ਪੀ. ਐੱਲ. ਏ. ਡੀ. ਫੰਡ ਵਿਚੋਂ 20 ਲੱਖ ਰੁਪਏ ਦਿੱਤੇ | ਸ: ਔਜਲਾ ਨੇ ਦੱਸਿਆ ਕਿ ਇਲਾਕੇ ਦੇ ਜ਼ਿੰਮੇਵਾਰ ਲੋਕਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ, ਜਦੋਂ ਕਿ ਵਿਭਾਗ ਨੇ ਉਨ੍ਹਾਂ ਤੋਂ ਇਹ ਵੀ ਮੰਗ ਕੀਤੀ ਸੀ ਕਿ ਐੱਮ. ਪੀ. ਐੱਲ. ਏ. ਡੀ. ਫੰਡ ਵਿਚੋਂ ਸਕੂਲ ਲਈ ਗ੍ਰਾਂਟ ਦਿੱਤੀ ਜਾਵੇ | ਜਿਸ ਤੋਂ ਬਾਅਦ ਅੱਜ ਉਹ ਸਕੂਲ ਦਾ ਦੌਰਾ ਕਰਨ ਆਏ ਹਨ ਅਤੇ ਇਹ ਦੇਖ ਕੇ ਬਹੁਤ ਦੁੱਖ ਹੋਇਆ ਕਿ ਸਿੱਖਿਆ ਕ੍ਰਾਂਤੀ ਸਿਰਫ਼ ਨਾਮ ਦੀ ਹੀ ਲਿਆਂਦੀ ਜਾ ਰਹੀ ਹੈ | ਸਕੂਲ ਵਿਚ ਆਮ ਆਦਮੀ ਪਾਰਟੀ ਦੇ ਅਧਿਕਾਰੀਆਂ ਦਾ ਇਕ ਬੋਰਡ ਹੈ ਜਿਸ ਦੇ ਉਦਘਾਟਨ ਦੀ ਮਿਤੀ 23 ਅਪ੍ਰੈਲ ਦੀ ਹੈ | ਅਪ੍ਰੈਲ ਮਹੀਨੇ ਵਿਚ ਇੱਥੇ ਟਾਈਲਾਂ ਲਗਾਈਆਂ ਗਈਆਂ ਹਨ ਜਦੋਂ ਕਿ ਸਕੂਲ ਦੀ ਪੂਰੀ ਇਮਾਰਤ ਖਸਤਾ ਹਾਲਤ ਵਿਚ ਹੈ ਅਤੇ ਕਿਸੇ ਵੀ ਸਮੇਂ ਢਹਿ ਸਕਦੀ ਹੈ, ਜਿਸ ਕਾਰਨ ਇਸ ਸੀਜ਼ਨ ਵਿਚ ਬੱਚਿਆਂ ਨੂੰ ਕਿਤੇ ਹੋਰ ਸ਼ਿਫਟ ਕੀਤਾ ਗਿਆ ਹੈ | ਇਸ ਲਈ ਉਹ ਨਵੀਂ ਜ਼ਮੀਨ ਲਈ ਕੋਸ਼ਿਸ਼ ਕਰਨਗੇ ਤਾਂ ਜੋ ਹੋਰ ਨਵੀਆਂ ਇਮਾਰਤਾਂ ਬਣਾਈਆਂ ਜਾ ਸਕਣ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਹਰ ਕੰਮ ਲਈ ਸਿਰਫ਼ ਰਸਮਾਂ ਪੂਰੀਆਂ ਕਰ ਰਹੀ ਹੈ ਪਰ ਜ਼ਮੀਨੀ ਹਕੀਕਤ ਕੁਝ ਹੋਰ ਹੈ | ਉਨ੍ਹਾਂ ਸਕੂਲ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇ ਅਤੇ ਜਲਦੀ ਤੋਂ ਜਲਦੀ ਸਕੂਲ ਦੀ ਨਵੀਂ ਇਮਾਰਤ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਫੰਡਾਂ ਦੀ ਚਿੰਤਾ ਨਹੀਂ ਕਰਨੀ ਚਾਹੀਦੀ |
ਸਕੂਲ ਦੀ ਖਸਤਾ ਹਾਲ ਇਮਾਰਤ ਲਈ ਔਜਲਾ ਨੇ ਦਿੱਤਾ ਕੋਟੇ 'ਚੋਂ 20 ਲੱਖ ਫੰਡ
ਅਜੀਤ ਡੈਸਕ
21-07-2025