21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਕਸਬਾ ਰਾਜਾਸਾਂਸੀ 'ਚ ਚੋਰਾਂ ਨੇ ਮਚਾਈ ਹਾਹਾਕਾਰ

ਅਜੀਤ ਡੈਸਕ 16-07-2025

ਪਸ਼ੂ ਹਸਪਤਾਲ, ਸੁਵਿਧਾ ਕੇਂਦਰ, ਸਿਹਤ ਕੇਂਦਰ, ਮੁਹੱਲਾ ਕਲੀਨਕ ਸਮੇਤ ਹੋਰ ਕਈ ਦੁਕਾਨਦਾਰਾਂ ਦਾ ਚੋਰੀ ਕੀਤਾ ਲੱਖਾਂ ਦਾ ਸਾਮਾਨ
ਰਾਜਾਸਾਂਸੀ, 15 ਜੁਲਾਈ (ਹਰਦੀਪ ਸਿੰਘ ਖੀਵਾ)-ਕਸਬਾ ਰਾਜਾਸਾਂਸੀ ਵਿਖੇ ਬੀਤੇ ਦੋ ਚਾਰ ਦਿਨਾਂ ਤੋਂ ਲਗਾਤਾਰ ਕਸਬੇ ਦੇ ਵੱਖ-ਵੱਖ ਬਾਜ਼ਾਰਾਂ 'ਚ ਚੋਰਾਂ ਵਲੋਂ ਰਾਤ ਨੂੰ ਚੋਰੀਆਂ ਕਰਕੇ ਲੱਖਾਂ ਦੀ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਹੈ | ਜਿਸ ਕਾਰਨ ਲੋਕਾਂ ਵਿਚ ਹਾਹਾ-ਕਾਰ ਮੱਚੀ ਹੋਈ ਹੈ | ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ | ਜਾਣਕਾਰੀ ਅਨੁਸਾਰ ਚੋਰਾਂ ਵਲੋਂ ਰਾਜਾਸਾਂਸੀ ਦੇ ਪਸ਼ੂ ਹਸਪਤਾਲ, ਸਿਹਤ ਕੇਂਦਰ, ਮੁਹੱਲਾ ਕਲੀਨਿਕ, ਸੁਵਿਧਾ ਕੇਂਦਰ ਤੇ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਦੀ ਕੀਮਤ ਦਾ ਸਾਮਾਨ ਚੋਰੀ ਕੀਤਾ ਗਿਆ | ਇਸ ਸੰਬੰਧੀ ਪਸ਼ੂ ਹਸਪਤਾਲ ਵਿਖੇ ਤਾਇਨਾਤ ਡਾ: ਵਿਸ਼ਾਲ ਮੜੀਆ ਤੇ ਇੰਸ: ਬਲਰਾਜ ਸਿੰਘ ਵੜੈਚ ਨੇ ਦੱਸਿਆ ਕਿ ਚੋਰਾਂ ਵਲੋਂ ਹਸਪਤਾਲ ਦਾ ਦਰਵਾਜ਼ੇ ਦਾ ਕੁੰਡਾ ਤੋੋੜ ਕੇ ਏ. ਸੀ., ਇਨਵਰਟਰ ਤੇ ਹਸਪਤਾਲ ਵਿਚ ਵਰਤੇ ਜਾਣ ਵਾਲਾ ਕੀਮਤੀ ਸਾਮਾਨ ਚੋਰੀ ਕਰ ਲਿਆ ਹੈ | ਸੁਵਿਧਾ ਕੇਂਦਰ ਰਾਜਾਸਾਂਸੀ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਦਿਨ ਦਿਹਾੜੇ ਹੀ ਉਨ੍ਹਾਂ ਦੇ ਇਕ ਕਰਮਚਾਰੀ ਦਾ ਮੋਟਰਸਾਈਕਲ ਚੋਰੀ ਕੀਤਾ ਸੀ ਤੇ ਉਸ ਤੋਂ ਬਾਅਦ ਰਾਤ ਲਗਾਤਾਰ ਦੋ ਵਾਰ ਚੋਰੀਆਂ ਕਰਕੇ ਵੱਡੇ ਜਨਰੇਟਰ ਦਾ ਕੀਮਤੀ ਸਾਮਾਨ ਅਤੇ ਹੋਰ ਸੁਵਿਧਾ ਕੇਂਦਰ ਦੇ ਅੰਦਰ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ | ਇਸ ਤੋਂ ਇਲਾਵਾ ਦੋਵੇਂ ਹਸਪਤਾਲ (ਮੁਹੱਲਾ ਕਲੀਨਿਕਾਂ) ਵਿਚੋਂ ਦੋ ਏ.ਸੀ., ਦਵਾਈਆਂ, ਬਿਜਲੀ ਦਾ ਸਾਮਾਨ ਅਤੇ ਹੋਰ ਵੱਖ-ਵੱਖ ਕੀਮਤੀ ਸਾਮਾਨ ਚੋਰੀ ਕਰ ਲਿਆ ਗਿਆ ਹੈ | ਬਿੱਟੂ ਮਨਿਆਰੀ ਵਾਲੇ ਦੇ ਮਾਲਕ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਵਿਚੋਂ ਦੁਕਾਨ 'ਚੋਂ ਲੱਖਾਂ ਦਾ ਕੀਮਤੀ ਸਾਮਾਨ ਚੋਰਾਂ ਵਲੋਂ ਚੋਰੀ ਕਰ ਲਿਆ ਗਿਆ ਹੈ | ਬਿੱਟੂ ਮਨਿਆਰੀ ਵਾਲੇ ਨੇ ਦੱਸਿਆ ਕਿ ਚੋਰਾਂ ਵਲੋਂ ਉਸ ਦੀ ਦੁਕਾਨ ਨੂੰ ਕਰੀਬ ਚੌਥੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਪੁਲਿਸ ਨੂੰ ਹਰ ਵਾਰ ਸੂਚਨਾ ਦਿੱਤੀ ਸੀ ਪ੍ਰੰਤੂ ਪੁਲਿਸ ਵਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ | ਇਸ ਵਾਰ ਉਨ੍ਹਾਂ ਰੋਸ ਵਜੋਂ ਪੁਲਿਸ ਨੂੰ ਸੂਚਨਾ ਦਿੱਤੀ ਹੀ ਨਹੀਂ ਰੱਬ ਦਾ ਭਾਣਾ ਮੰਨ ਲਿਆ ਹੈ | ਸਕੂਲ ਦੇ ਨੇੜਲੇ ਰਾਜਾਸਾਂਸੀ ਸਿਹਤ ਕੇਂਦਰ ਦੇ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੁਲਿਸ ਨੂੰ ਚੋਰਾਂ ਬਾਰੇ ਪਿੰਡ ਤੇ ਪਤਾ ਵੀ ਦੱਸਿਆ ਹੈ ਪ੍ਰੰਤੂ ਪੁਲਿਸ ਨੇ ਦੱਸਣ ਦੇ ਬਾਵਜੂਦ ਵੀ ਪੁਲਿਸ ਚੋਰਾਂ ਨੂੰ ਕਾਬੂ ਨਹੀਂ ਕਰ ਰਹੀ | ਪਸ਼ੂ ਹਸਪਤਾਲ ਵਿਚ ਤਾਇਨਾਤ ਉਕਤ ਸਟਾਫ ਨੇ ਦੱਸਿਆ ਕਿ ਪੁਲਿਸ ਨੂੰ ਬੀਤੇ ਕੱਲ੍ਹ ਦੀ ਚੋਰੀ ਬਾਰੇ ਸੂਚਨਾ ਦਿੱਤੀ ਹੈ ਪ੍ਰੰਤੂ ਪੁਲਿਸ ਵਲੋਂ ਪਸ਼ੂ ਹਸਪਤਾਲ ਵਿਚ ਆ ਕੇ ਕੋਈ ਵੀ ਕਾਰਵਾਈ ਕਰਨੀ ਸੰਭਵ ਨਹੀਂ ਸਮਝੀ | ਜਿਸ ਕਾਰਨ ਸਥਾਨਕ ਲੋਕਾਂ ਵਿਚ ਪੁਲਿਸ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਸਮੂਹ ਰਾਜਾਸਾਂਸੀ ਵਾਸੀਆਂ ਜਿਲ੍ਹੇ ਦੇ ਐੱਸ. ਐੱਸ. ਪੀ. ਸਮੇਤ ਸਮੂਹ ਉੱਚ ਅਧਿਕਾਰੀਆਂ ਕੋਲ ਚੋਰਾਂ ਨੂੰ ਕਾਬੂ ਕਰਨ ਦੀ ਗੁਹਾਰ ਲਾਈ ਹੈ |

ਪਿਛਲੀ ਖ਼ਬਰ ਮਰਵਾਹਾ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਸ਼ਹਿਰ 'ਚ ਨਾਜਾਇਜ਼ ਪਿਸਤੌਲ ਲੈ ਕੇ ਘੁੰਮਦਾ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।