ਅਬੋਹਰ, 8 ਦਸੰਬਰ (ਸੁਖਜੀਤ ਸਿੰਘ ਬਰਾੜ)-ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਵਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰੌਸ਼ਨੀ ਦੇਵੀ ਅਤੇ ਬਲਾਕ ਸੰਮਤੀ ਉਮੀਦਵਾਰ ਸੁਨੀਤਾ ਦੇ ਹੱਕ 'ਚ ਪਿੰਡ ਤੂਤਵਾਲਾ ਵਿਖੇ ਚੋਣ ਪ੍ਰਚਾਰ ਕੀਤਾ ਗਿਆ | ਇਸ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਸਿੰਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿਵਾਏ ਇਸ਼ਤਿਹਾਰਬਾਜ਼ੀ ਦੇ ਸੂਬੇ ਦਾ ਕੱਖ ਨਹੀਂ ਸੰਵਾਰਿਆ | ਸੂਬੇ ਵਿਚ ਨਸ਼ਾ ਹੋਰ ਜ਼ਿਆਦਾ ਵਧ ਗਿਆ ਹੈ | ਹਰ ਰੋਜ਼ ਕਿਤੇ ਨਾ ਕਿਤੇ ਲੁੱਟ ਖੋਹ ਦੀਆਂ ਘਟਨਾਵਾਂ ਹੋ ਰਹੀਆਂ ਹਨ | ਬੱਜਰੀ ਰੇਤੇ ਦੇ ਭਾਅ ਘਟਣ ਦੀ ਬਜਾਏ ਹੋਰ ਵਧ ਗਏ ਹਨ | ਕੁੱਲ ਮਿਲਾ ਕੇ ਸਰਕਾਰ ਚਲਾਉਣਾ ਆਮ ਆਦਮੀ ਪਾਰਟੀ ਦੇ ਵੱਸ ਦੀ ਗੱਲ ਨਹੀਂ ਹੈ | ਜੇਕਰ ਤੁਸੀਂ ਹਲਕੇ ਅੰਦਰ ਝਾਤ ਮਾਰੋਗੇ ਤਾਂ ਸੱਭ ਤੋਂ ਜ਼ਿਆਦਾ ਵਿਕਾਸ ਕਾਂਗਰਸ ਸਰਕਾਰ ਦੇ ਸਮੇਂ ਹੀ ਹੋਇਆ ਹੈ | ਪਿਛਲੀ ਕਾਂਗਰਸ ਸਰਕਾਰ ਨੇ ਅਬੋਹਰ ਹਲਕੇ ਨੂੰ ਵਿਕਾਸ ਪੱਖੋਂ ਮਾਡਲ ਹਲਕਾ ਬਣਾ ਦਿੱਤਾ ਸੀ | ਇਸ ਸਰਕਾਰ ਨੇ ਫਿਰ ਤੋਂ ਹਲਕੇ ਨੂੰ ਨਰਕ ਬਣਾ ਦਿੱਤਾ ਹੈ | ਜੇਕਰ ਤੁਸੀਂ ਸੂਬੇ ਵਿਚ ਅਮਨ ਸ਼ਾਂਤੀ ਚਾਹੁੰਦੇ ਹੋ ਅਤੇ ਹਲਕੇ ਦਾ ਵਿਕਾਸ ਚਾਹੁੰਦੇ ਹੋ ਤਾਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਰੌਸ਼ਨੀ ਦੇਵੀ ਅਤੇ ਬਲਾਕ ਸੰਮਤੀ ਉਮੀਦਵਾਰ ਸੁਨੀਤਾ ਦੇਵੀ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ | ਇਸ ਮੌਕੇ ਦੋਵੇਂ ਉਮੀਦਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ |