ਅਬੋਹਰ, 19 ਨਵੰਬਰ (ਵਿਵੇਕ ਹੂੜੀਆ)-ਸਦਰ ਥਾਣਾ ਪੁਲਿਸ ਨੂੰ ਬੀਤੀ ਰਾਤ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਟੀਮ ਨੇ ਇਕ ਪਤੀ-ਪਤਨੀ ਨੂੰ ਮੋਟਰਸਾਈਕਲ 'ਤੇ ਹੈਰੋਇਨ ਲੈ ਕੇ ਜਾਂਦੇ ਹੋਏ ਵੱਡੀ ਮਾਤਰਾ ਵਿਚ ਹੈਰੋਇਨ ਸਮੇਤ ਕਾਬੂ ਕੀਤਾ, ਜਿਸ ਨੂੰ ਉਨ੍ਹਾਂ ਨੇ ਮੋਟਰਸਾਈਕਲ ਦੀ ਹੈੱਡ ਲਾਈਟ ਹੇਠ ਇਕ ਲਿਫ਼ਾਫ਼ੇ ਵਿਚ ਛੁਪਾਇਆ ਹੋਇਆ ਸੀ | ਪੁਲਿਸ ਨੇ ਜੋੜੇ ਨੂੰ ਹੈਰੋਇਨ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਹੁਣ ਉਨ੍ਹਾਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਅਤੇ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ ਗੁਰਮੀਤ ਸਿੰਘ ਬੀਤੀ ਰਾਤ ਪੁਲਿਸ ਟੀਮ ਨਾਲ ਬੁਰਜ ਮੁਹਾਰ ਨੇੜੇ ਗਸ਼ਤ ਕਰ ਰਹੇ ਸਨ | ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੇ ਬੁਰਜ ਮੁਹਾਰ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਰੋਕਿਆ ਅਤੇ ਮੋਟਰਸਾਈਕਲ ਦੀ ਤਲਾਸ਼ੀ ਲਈ | ਉਨ੍ਹਾਂ ਨੂੰ ਮੋਟਰਸਾਈਕਲ ਦੀ ਹੈੱਡ ਲਾਈਟ ਹੇਠ ਲੁਕਾਇਆ ਹੋਇਆ ਇਕ ਲਿਫ਼ਾਫ਼ਾ ਮਿਲਿਆ, ਜਿਸ ਵਿਚੋਂ 34.26 ਗਰਾਮ ਹੈਰੋਇਨ ਬਰਾਮਦ ਹੋਈ | ਮੋਟਰਸਾਈਕਲ ਸਵਾਰ ਪਤੀ-ਪਤਨੀ ਦੀ ਪਛਾਣ ਰੇਖਾ ਰਾਣੀ ਪਤਨੀ ਕੁਲਵੰਤ ਸਿੰਘ ਅਤੇ ਕੁਲਵੰਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਇੰਦਰਾ ਨਗਰੀ ਦੇ ਤੌਰ 'ਤੇ ਹੋਈ | ਜਿਸ ਤੋਂ ਬਾਅਦ ਪੁਲਿਸ ਨੇ ਦੋਨਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |