18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਫ਼ਾਜ਼ਿਲਕਾ ਸ਼ਹਿਰ ਅੰਦਰ ਡੇਂਗੂ ਦਾ ਕਹਿਰ ਜਾਰੀ

ਅਜੀਤ ਡੈਸਕ 20-11-2025

ਫ਼ਾਜ਼ਿਲਕਾ, 19 ਨਵੰਬਰ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅੰਦਰ ਡੇਂਗੂ ਬਿਮਾਰੀ ਦਾ ਕਹਿਰ ਜਾਰੀ ਹੈ | ਭਾਵੇਂ ਸਿਹਤ ਵਿਭਾਗ ਦੇ ਅਧਿਕਾਰੀ ਨਿੱਤ ਡੇਂਗੂ ਦੀ ਰੋਕਥਾਮ ਸਬੰਧੀ ਬਿਆਨ ਜਾਰੀ ਕਰ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਡੇਂਗੂ ਦੇ ਕਹਿਰ ਤੋਂ ਕੋਈ ਵੀ ਪਰਿਵਾਰ ਵਾਂਝਾ ਨਹੀਂ ਰਿਹਾ | ਦੂਸਰੇ ਪਾਸੇ ਫ਼ਾਜ਼ਿਲਕਾ ਦੇ ਜ਼ਿਲ੍ਹਾ ਹਸਪਤਾਲ ਅੰਦਰ ਖ਼ੂਨ ਦੇ ਪਲੈਟਲੈਟ ਸੈੱਲ ਵਾਲੀ ਮਸ਼ੀਨ ਚਿੱਟਾ ਹਾਥੀ ਬਣੀ ਧੂੜ ਫੱਕ ਰਹੀ ਹੈ | ਜਿਸ ਕਾਰਨ ਲੋਕਾਂ ਨੂੰ ਪਲੈਟਲੈਟ ਸੈੱਲ ਘਟਣ 'ਤੇ ਦੂਸਰੇ ਸ਼ਹਿਰਾਂ ਵੱਲ ਜਾਣਾ ਪੈ ਰਿਹਾ ਹੈ | ਜੋ ਸਿਹਤ ਵਿਭਾਗ ਦੇ ਕੰਮਾਂ ਦੀ ਪੋਲ ਖੋਲ੍ਹਦਾ ਹੈ | ਪਹਿਲੇ ਦੌਰ 'ਚ ਮਰੀਜ਼ ਨੂੰ ਸਰੀਰ ਦੀ ਟੁੱਟ ਭੱਜ ਤੋਂ ਬਾਅਦ ਬੁਖ਼ਾਰ ਚੜ੍ਹਦਾ ਹੈ | ਡੇਂਗੂ ਦੀ ਬਿਮਾਰੀ ਟੈੱਸਟ 'ਚ ਆਉਣ ਤੋਂ ਬਾਅਦ ਪਲੈਟਲੈਟ ਸੈੱਲਾਂ ਦਾ ਧਿਆਨ ਰੱਖਣਾ ਅਤਿ ਜ਼ਰੂਰੀ ਹੋ ਜਾਂਦਾ ਹੈ | ਗੰਭੀਰ ਹਲਾਤਾਂ 'ਚ ਰੋਜ਼ਾਨਾ ਜਾ ਫਿਰ ਇਕ ਦਿਨ ਛੱਡ ਕੇ ਇਸ ਦੀ ਜਾਂਚ ਕਰਵਾਉਣੀ ਜ਼ਰੂਰੀ ਬਣ ਜਾਂਦੀ ਹੈ | ਮਰੀਜ਼ ਦਰਦਾਂ ਨਾਲ ਕੁਰਲਾ ਉੱਠਦਾ ਹੈ | ਜਿਵੇਂ-ਜਿਵੇਂ ਪਲੈਟਲੈਟ ਸੈੱਲ ਘਟਦੇ ਜਾਂਦੇ ਹਨ ਤਾਂ ਮਰੀਜ਼ ਦਾ ਸਰੀਰ ਵੀ ਕਮਜ਼ੋਰੀ ਵੱਲ ਵਧਣਾ ਸ਼ੁਰੂ ਹੋ ਜਾਂਦਾ ਹੈ | ਸ਼ਹਿਰ ਦੇ ਪ੍ਰਾਈਵੇਟ ਹਸਪਤਾਲ ਡੇਂਗੂ ਦੇ ਮਰੀਜ਼ਾਂ ਨਾਲ ਭਰੇ ਪਏ ਹਨ | ਸ਼ਹਿਰ ਦੇ ਇਕ ਨਿੱਜੀ ਹਸਪਤਾਲ ਦੇ ਸੰਚਾਲਕ ਨੇ ਦੱਸਿਆ ਕਿ ਕੋਈ-ਕੋਈ ਦਿਨ ਤਾਂ ਅਜਿਹਾ ਆਉਂਦਾ ਹੈ ਕਿ ਮਰੀਜ਼ ਨੂੰ ਦਾਖ਼ਲ ਕਰਨ ਲਈ ਥਾਂ ਵੀ ਨਹੀਂ ਹੁੰਦੀ | ਮਰੀਜ਼ਾਂ ਨੂੰ ਜਲਦੀ-ਜਲਦੀ ਗੁਲੂਕੋਜ਼ ਲਗਾ ਕੇ ਦੂਸਰੇ ਦਿਨ ਫਿਰ ਆਉਣ ਲਈ ਕਿਹਾ ਜਾਂਦਾ ਹੈ ਤਾਂ ਜੋ ਉਸ ਦੀ ਖ਼ਾਲੀ ਹੋਈ ਥਾਂ 'ਤੇ ਕਿਸੇ ਹੋਰ ਮਰੀਜ਼ ਨੂੰ ਗੁਲੂਕੋਜ਼ ਲਗਾਇਆ ਜਾਣਾ ਹੈ | ਸ਼ਹਿਰ ਦੇ ਨਿੱਜੀ ਵੱਡੇ ਹਸਪਤਾਲਾਂ ਤੋਂ ਇਲਾਵਾ ਸ਼ਹਿਰ ਦੇ ਗਲੀਆਂ ਦੇ ਆਰ.ਐਮ.ਪੀ. ਡਾਕਟਰਾਂ ਕੋਲ ਭੀੜਾਂ ਲੱਗੀਆਂ ਹੋਈਆਂ ਹਨ ਜਦ ਕਿ ਇਸ ਸਬੰਧੀ ਸ਼ਹਿਰ ਦੇ ਇਕ ਲੈਬੋਰੇਟਰੀ ਟੈਕਨੀਸ਼ਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਿਸੇ ਦਿਨ ਲੱਗਦਾ ਹੈ ਕਿ ਅੱਜ ਜਾਂਚ ਦੇ ਮਰੀਜ਼ ਘੱਟ ਆਏ ਹਨ | ਬਿਮਾਰੀ ਖ਼ਾਤਮੇ ਵੱਲ ਵੱਧ ਰਹੀ ਹੈ ਪਰ ਦੂਸਰੇ ਦਿਨ ਫਿਰ ਮਰੀਜ਼ਾਂ ਦੀਆਂ ਕਤਾਰਾਂ ਲੰਬੀਆਂ ਹੋ ਜਾਂਦੀਆਂ ਹਨ | ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਡੇਂਗੂ ਦਾ ਕਹਿਰ ਹਾਲੇ ਨਿਰੰਤਰ ਜਾਰੀ ਹੈ | ਫ਼ਾਜ਼ਿਲਕਾ ਸ਼ਹਿਰ ਅੰਦਰ ਪਲੈਟਲੈਟ ਸੈੱਲ ਚੜ੍ਹਾਉਣ ਦੀ ਕੋਈ ਵਿਵਸਥਾ ਨਾ ਹੋਣ ਕਾਰਨ ਜਦ ਮਰੀਜ਼ ਦੇ ਸੈੱਲ 25 ਹਜ਼ਾਰ ਦੇ ਕਰੀਬ ਆਉਂਦੇ ਹਨ ਤਾਂ ਉਸ ਸਮੇਂ ਪਰਿਵਾਰ ਵਾਲਿਆਂ ਨੂੰ ਭਾਜੜਾਂ ਪੈ ਜਾਂਦੀਆਂ ਹਨ ਕਿ ਹੋਰ ਘਟਣ 'ਤੇ ਮਰੀਜ਼ ਨੂੰ ਬਾਹਰ ਕਿਥੇ ਲੈ ਕੇ ਜਾਣਾ ਹੈ | ਇਸ ਤਰ੍ਹਾਂ ਬਠਿੰਡਾ, ਲੁਧਿਆਣਾ, ਸ੍ਰੀ ਗੰਗਾਨਗਰ ਆਦਿ ਸ਼ਹਿਰਾਂ ਵੱਲ ਮਰੀਜ਼ਾਂ ਦਾ ਜਾਣਾ ਸ਼ੁਰੂ ਹੋ ਜਾਂਦਾ ਹੈ ਜਦ ਕਿ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ 'ਚ ਪਈ ਮਸ਼ੀਨ ਪਤਾ ਨਹੀਂ ਕਿਹੜੇ ਕਾਰਨਾਂ ਕਰਕੇ ਚਾਲੂ ਨਹੀਂ ਕੀਤੀ ਜਾ ਰਹੀ | ਸ਼ਹਿਰ ਦੇ ਦੁਖੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਮਸ਼ੀਨ ਸ਼ੁਰੂ ਹੋ ਜਾਵੇ ਤਾਂ ਲੋਕਾਂ ਨੂੰ ਦੂਰ ਦੁਰਾਡੇ ਸ਼ਹਿਰਾਂ ਦੀ ਖੱਜਲ ਖ਼ੁਆਰੀ ਤੋਂ ਇਲਾਵਾ ਬਾਹਰ ਦੇ ਹਸਪਤਾਲਾਂ ਦੇ ਖ਼ਰਚਿਆਂ ਤੋਂ ਮੁਕਤੀ ਮਿਲ ਸਕਦੀ ਹੈ | ਸ਼ਹਿਰ ਦੀਆਂ ਮੁੱਖ ਵੱਡੀਆਂ ਸੜਕਾਂ ਅਤੇ ਛੋਟੀਆਂ ਗਲੀਆਂ 'ਚ ਘਰਾਂ ਦੀ ਗੰਦਗੀ ਥਾਂ-ਥਾਂ ਖਿੱਲਰੀ ਪਈ ਹੈ | ਜਿਸ 'ਚ ਕੁੱਝ ਆਮ ਲੋਕਾਂ ਦੀ ਵੀ ਅਣਗਹਿਲੀ ਕਾਰਨ ਹੈ | ਇਸ ਤੋਂ ਇਲਾਵਾ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਤੋਂ ਬਿਨਾਂ ਬਾਜ਼ਾਰਾਂ ਦੇ ਨਾਲੇ ਗੰਦਗੀ ਨਾਲ ਭਰੇ ਪਏ ਹਨ | ਉਨ੍ਹਾਂ ਦੀ ਸਫ਼ਾਈ ਨਾ ਹੋਣ ਦਾ ਕਾਰਨ ਦੁਕਾਨਦਾਰਾਂ ਵਲੋਂ ਨਾਲੀਆਂ 'ਤੇ ਥੜ੍ਹੇ ਬਣਾਏ ਹੋਏ ਹਨ | ਗੰਦਗੀ ਵਾਲੇ ਨਾਲਿਆਂ 'ਚ ਇਹ ਮੱਛਰ ਪਲ ਕੇ ਬਿਮਾਰੀਆਂ ਫੈਲਾ ਰਿਹਾ ਹੈ | ਲੋਕਾਂ ਦੀ ਮੰਗ ਹੈ ਕਿ ਇਸ ਬਿਮਾਰੀ ਦੇ ਦੌਰ 'ਚ ਗਲੀਆਂ, ਨਾਲੀਆਂ ਦੀ ਸਫ਼ਾਈ ਵੱਲ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਉਣੀ ਚਾਹੀਦੀ ਹੈ |

ਪਿਛਲੀ ਖ਼ਬਰ ਹੈਰੋਇਨ ਦਾ ਸੇਵਨ ਕਰਨ ਦੇ ਦੋਸ਼ 'ਚ 2 ਵਿਅਕਤੀ ਕਾਬੂ-ਮੁਕੱਦਮੇ ਦਰਜ ਅਗਲੀ ਖ਼ਬਰ ਵਿਧਾਇਕ ਗੋਲਡੀ ਕੰਬੋਜ ਨੇ ਪਿੰਡਾਂ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਤੇ ਉਦਘਾਟਨ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।