ਫ਼ਾਜ਼ਿਲਕਾ, 19 ਨਵੰਬਰ (ਦਵਿੰਦਰ ਪਾਲ ਸਿੰਘ)-ਵਿਧਾਇਕ ਫ਼ਾਜ਼ਿਲਕਾ ਨਰਿੰਦਰ ਪਾਲ ਸਿੰਘ ਸਵਨਾ ਨੇ ਪਿੰਡਾਂ ਦੇ ਨੌਜਵਾਨਾਂ ਤੇ ਲੋਕਾਂ ਨੂੰ ਸੌਗਾਤ ਪ੍ਰਦਾਨ ਕਰਦਿਆਂ ਵੱਖ-ਵੱਖ ਪਿੰਡਾਂ ਵਿਖੇ ਲਗਭਗ 2 ਕਰੋੜ 73 ਲੱਖ ਦੀ ਲਾਗਤ ਨਾਲ ਖੇਡ ਸਟੇਡੀਅਮਾਂ ਤੇ ਹੈਲਥ ਵੈਲਨੈਸ ਸੈਂਟਰ ਦੇ ਨੀਂਹ ਪੱਥਰ ਰੱਖੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੰਗਲੇ ਪੰਜਾਬ ਦੇ ਉਦੇਸ਼ ਦੀ ਪੂਰਤੀ ਸਦਕਾ ਸੂਬੇ ਦੀ ਨੌਜਵਾਨੀ ਨੂੰ ਚੰਗੇ ਰਾਹੇ ਪਾਉਣ ਲਈ ਪੁਰਜ਼ੋਰ ਉਪਰਾਲੇ ਕਰ ਰਹੀ ਹੈ | ਨੌਜਵਾਨ ਵਰਗ ਨਸ਼ਿਆਂ ਤੋਂ ਦੂਰ ਰਹੇ, ਇਸ ਲਈ ਵੱਧ ਤੋ ਵੱਧ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਨੌਜਵਾਨ ਖੇਡਾਂ ਨਾਲ ਜੁੜਿਆ ਰਹੇ | ਇਸ ਦੇ ਨਾਲ ਸਿਹਤ ਦੀ ਸੁਰੱਖਿਆ ਤੇ ਇਲਾਜ ਲਈ ਹੈਲਥ ਵੈਲਨੈਸ ਸੈਂਟਰ ਵੀ ਉਲੀਕੇ ਜਾ ਰਹੇ ਹਨ | ਇਸੇ ਤਹਿਤ ਹਲਕਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਦੱਸਿਆ ਕਿ ਪਿੰਡ ਲਾਲੋ ਵਾਲੀ, ਝੋਕ ਡਿਪੂ ਲਾਣਾ ਵਿਖੇ ਅਤੇ ਕੀੜਿਆਂ ਵਾਲੀ ਵਿਖੇ 35-35 ਲੱਖ ਦੀ ਲਾਗਤ ਨਾਲ ਹੈਲਥ ਵੈਲਨੈਸ ਸੈਂਟਰ ਬਣਾਏ ਜਾਣਗੇ | ਉਨ੍ਹਾਂ ਕਿਹਾ ਕਿ ਪਿੰਡਾਂ ਵਿਖੇ ਹੀ ਸਿਹਤ ਸਹੂਲਤਾਂ ਮਿਲਣ, ਇਸ ਲਈ ਹੈਲਥ ਸੈਂਟਰ ਬਣਾਏ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਥੋੜੇ੍ਹ ਬਹੁਤ ਇਲਾਜ ਲਈ ਸਿਵਲ ਹਸਪਤਾਲ ਵਿਖੇ ਜਾਣ ਦੀ ਜ਼ਰੂਰਤ ਨਾ ਪਵੇ, ਲੋੜੀਂਦਾ ਇਲਾਜ ਇਨ੍ਹਾਂ ਸੈਂਟਰਾਂ ਵਿਖੇ ਹੀ ਉਪਲਬਧ ਹੋਵੇਗਾ | ਇਸ ਤੋਂ ਇਲਾਵਾ ਪਿੰਡ ਅਭੁੰਨ ਵਿਖੇ 51.39 ਲੱਖ, ਝੋਕ ਡਿਪੂ ਲਾਣਾ ਵਿਖੇ 39.50, ਕੌੜੀਆਂ ਵਾਲੀ 30 ਲੱਖ ਅਤੇ ਪਿੰਡ ਫ਼ਤਿਹਗੜ੍ਹ ਵਿਖੇ 46.96 ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨ ਦਾ ਨੀਂਹ ਪੱਥਰ ਰੱਖਿਆ | ਉਨ੍ਹਾਂ ਕਿਹਾ ਕਿ ਨੌਜਵਾਨ ਵਰਗ ਮਾੜੀ ਸੰਗਤ ਵਿਚ ਨਾ ਪਵੇ ਤਾਂ ਖੇਡ ਪ੍ਰੋਜੈਕਟ ਉਲੀਕ ਕੇ ਨੌਜਵਾਨਾਂ ਨੂੰ ਖੇਡਾਂ ਵੱਲ ਲਿਜਾਇਆ ਜਾ ਰਿਹਾ ਹੈ | ਵਿਧਾਇਕ ਸਵਨਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੌਜਵਾਨ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ | ਨੌਜਵਾਨ ਵਰਗ ਨੂੰ ਮਾੜੀ ਕੁਰੀਤੀਆਂ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਜਿੱਥੇ ਲਗਾਤਾਰ ਮਿਹਨਤ ਕਰਕੇ ਇਕ-ਇਕ ਨੌਜਵਾਨ ਸਿਹਤਮੰਦ ਰਹੇਗਾ ਤੇ ਖੇਡਾਂ ਖੇਡ ਕੇ ਆਪਣੀ ਐਨਰਜੀ ਨੂੰ ਸਕਰਾਤਮਕ ਗਤੀਵਿਧੀਆਂ ਵੱਲ ਲਗਾਏਗਾ | ਇਸ ਮੌਕੇ ਪਰਮਜੀਤ ਸਿੰਘ ਨੂਰਸ਼ਾਹ, ਲਖਵੀਰ ਸਿੰਘ ਸਰਪੰਚ, ਅਮਰੀਕ ਸਿੰਘ ਬਲਾਕ ਪ੍ਰਧਾਨ, ਸਰਪੰਚ ਪ੍ਰੇਮ ਸਿੰਘ, ਸੁਰਿੰਦਰ ਕੰਬੋਜ ਬਲਾਕ ਪ੍ਰਧਾਨ, ਜਗਸੀਰ ਸਿੰਘ, ਲਖਵਿੰਦਰ ਸਿੰਘ ਸਰਪੰਚ, ਮਨਦੀਪ ਸਿੰਘ ਆਦਿ ਆਗੂ ਮੌਜੂਦ ਸਨ |