ਮੰਡੀ ਲਾਧੂਕਾ, 31 ਅਗਸਤ (ਰਾਕੇਸ਼ ਛਾਬੜਾ)-ਵੋਕੇਸ਼ਨਲ ਟੀਚਰ ਫ਼ਰੰਟ ਦੇ ਜ਼ਿਲ੍ਹਾ ਪ੍ਰਧਾਨ ਰਾਜਪ੍ਰੀਤ ਸਿੰਘ ਬਰਾੜ ਨੇ ਕਿਹਾ ਹੈ 13 ਸਤੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਹੈ ਕਿ 24 ਅਗਸਤ ਨੂੰ ਵੋਕੇਸ਼ਨਲ ਟੀਚਰ ਫ਼ਰੰਟ ਪੰਜਾਬ ਵਲੋਂ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦੀ ਦਿੜ੍ਹਬਾ ਸਥਿਤ ਰਿਹਾਇਸ਼ ਦਾ ਸ਼ਾਂਤੀ ਪੂਰਵਕ ਘਿਰਾਓ ਕੀਤਾ ਗਿਆ ਸੀ, ਇਸ ਤੋਂ ਇਲਾਵਾ ਮੰਤਰੀ ਦਾ ਪੁਤਲਾ ਫ਼ੂਕ ਕੇ ਬਾਜ਼ਾਰ ਵਿਚ ਰੈਲੀ ਕੱਢੀ ਗਈ, ਜਿਸ ਤੋਂ ਖ਼ਫ਼ਾ ਹੋ ਕੇ ਮੰਤਰੀ ਨੇ ਅਧਿਆਪਕਾਂ ਤੇ ਜ਼ੋਰ ਜਬਰ ਕੀਤਾ ਅਤੇ ਧਰਨੇ ਨੂੰ ਜ਼ਬਰਦਸਤੀ ਚੁੱਕਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਮਹਿਲਾ ਅਧਿਆਪਕ ਜ਼ਖ਼ਮੀ ਵੀ ਹੋਈਆਂ | ਉਨ੍ਹਾਂ ਨੇ ਕਿਹਾ ਹੈ ਵੋਕੇਸ਼ਨਲ ਟੀਚਰ ਫ਼ਰੰਟ ਲੰਮੇ ਸਮੇਂ ਤੋਂ ਸਿੱਖਿਆ ਵਿਭਾਗ ਵਿਚ ਬਿਨਾਂ ਸ਼ਰਤ ਮਰਜ਼ ਕਰਨਾ, ਬਰਾਬਰ ਕੰਮ ਬਰਾਬਰ ਤਨਖ਼ਾਹ ਤੇ ਝੂਠੇ ਪਰਚੇ ਰੱਦ ਕਰਨ ਦੀਆਂ ਮੰਗਾਂ ਲਈ ਸੰਘਰਸ਼ ਕਰ ਰਿਹਾ ਹੈ ਪਰ ਮੌਕੇ ਦੀ ਸਰਕਾਰ ਲਾਰਿਆਂ ਨਾਲ ਡੰਗ ਟਪਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਫ਼ਰੰਟ ਦੀਆਂ ਇਨ੍ਹਾਂ ਮੰਗਾਂ ਨੂੰ ਨਾ ਮੰਨਿਆ ਤਾਂ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਪ੍ਰਦਰਸ਼ਨ ਅਤੇ ਡੀ ਸੀ ਦਫ਼ਤਰਾਂ ਦੇ ਅੱਗੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ | 13 ਸਤੰਬਰ ਨੂੰ ਪੰਜਾਬ ਦੇ ਮੁੱਖਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ | ਇਸ ਮੌਕੇ 'ਤੇ ਤਰਸੇਮ ਕੁਮਾਰ, ਇੰਦਰਪਾਲ ਸਿੰਘ, ਰੁਪਿੰਦਰ ਕੌਰ ਅਤੇ ਵਨੀਤਾ ਕੁਮਾਰੀ ਆਦਿ ਹਾਜ਼ਰ ਸਨ |