ਅਬੋਹਰ, 19 ਜੁਲਾਈ (ਸੁਖਜੀਤ ਸਿੰਘ ਬਰਾੜ)- ਅਬੋਹਰ ਦੇ ਨਾਮੀ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਦੀ ਘਟਨਾ ਵਾਪਰੇ ਨੂੰ ਅੱਜ 13 ਦਿਨ ਬੀਤ ਗਏ ਹਨ | ਪਰ ਪੁਲਿਸ ਹਾਲੇ ਤੱਕ ਸੰਜੇ ਵਰਮਾ ਨੂੰ ਗੋਲੀਆਂ ਮਾਰਨ ਵਾਲੇ ਸ਼ੂਟਰਾਂ ਨੂੰ ਫੜ ਨਹੀਂ ਪਾਈ | ਹੋਰ ਤਾਂ ਹੋਰ ਇਸ ਮਾਮਲੇ ਵਿਚ ਪੁਲਿਸ ਵਲੋਂ ਹੁਣ ਤੱਕ ਸੱਤ ਜਣਿਆਂ ਨੂੰ ਗਿ੍ਫ਼ਤਾਰ ਵੀ ਕਰ ਲਿਆ ਗਿਆ ਹੈ | ਪਰ ਫਿਰ ਵੀ ਪੁਲਿਸ ਨੂੰ ਗੋਲੀਆਂ ਮਾਰਨ ਵਾਲੇ ਦੋ ਫ਼ਰਾਰ ਸ਼ੂਟਰਾਂ ਦੇ ਨਾਮ ਤੱਕ ਵੀ ਨਹੀਂ ਪਤਾ ਚੱਲੇ | ਇੱਥੇ ਇਹ ਵੀ ਦੱਸਣਯੋਗ ਹੈ ਕਿ 7 ਜੁਲਾਈ ਨੂੰ ਅਬੋਹਰ ਦੇ ਨਾਮੀ ਕੱਪੜਾ ਵਪਾਰੀ ਸੰਜੇ ਵਰਮਾ ਨੂੰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨੌਜਵਾਨਾਂ ਵਿਚੋਂ ਦੋ ਗੈਂਗਸਟਰਾਂ ਨੇ ਉਨ੍ਹਾਂ ਦੇ ਸ਼ੋ-ਰੂਮ ਬਾਹਰ ਕਾਰ 'ਚ ਉੱਤਰਦਿਆਂ ਗੋਲੀਆਂ ਮਾਰ ਕਤਲ ਕਰ ਦਿੱਤਾ ਸੀ ਅਤੇ ਇਹ ਦੋਵੇਂ ਸ਼ੂਟਰ ਆਪਣੇ ਤੀਜੇ ਸਾਥੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ ਸਨ | ਉਸ ਤੋਂ ਬਾਅਦ ਪੁਲਿਸ ਵਲੋਂ ਉਸੇ ਦਿਨ ਇਨ੍ਹਾਂ ਦਾ ਪਿੱਛਾ ਕਰਦਿਆਂ 8 ਜੁਲਾਈ ਨੂੰ ਜ਼ਿਲ੍ਹਾ ਪਟਿਆਲਾ ਦੇ ਵਸਨੀਕ ਜਸਪ੍ਰੀਤ ਸਿੰਘ ਜੱਸੂ ਅਤੇ ਰਾਮ ਰਤਨ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਮੁਤਾਬਿਕ ਇਨ੍ਹਾਂ ਦੋਨਾਂ ਨੇ ਉਕਤ ਤਿੰਨੇ ਸ਼ੂਟਰਾਂ ਨੂੰ ਕਾਰ 'ਤੇ ਚੜ੍ਹਾ ਕੇ ਭੱਜਣ ਵਿਚ ਮਦਦ ਕੀਤੀ ਸੀ | ਉਸੇ ਦਿਨ ਸ਼ਾਮ ਨੂੰ ਜਸਪ੍ਰੀਤ ਸਿੰਘ ਜੱਸੂ ਅਤੇ ਰਾਮ ਰਤਨ ਪੁਲਿਸ ਮੁੱਠਭੇੜ ਵਿਚ ਮਾਰੇ ਗਏ ਸੀ | ਘਟਨਾ ਵਾਲੇ ਦਿਨ ਮੋਟਰਸਾਈਕਲ ਚਲਾਉਣ ਵਾਲੇ ਅਬੋਹਰ ਸ਼ਹਿਰ ਦੇ ਵਸਨੀਕ ਸ਼ਕਤੀ ਕੁਮਾਰ ਪੁੱਤਰ ਹੰਸਰਾਜ ਨੂੰ ਪੁਲਿਸ ਵਲੋਂ ਮੁਕੱਦਮੇ ਵਿਚ ਨਾਮਜ਼ਦ ਕਰ ਲਿਆ ਗਿਆ ਸੀ | ਉਸ ਤੋਂ ਬਾਅਦ ਪੁਲਿਸ ਵਲੋਂ 11 ਜੁਲਾਈ ਨੂੰ ਰਾਜਸਥਾਨ ਦੇ ਜ਼ਿਲ੍ਹਾ ਬੀਕਾਨੇਰ ਦੇ ਪਿੰਡ ਕੁਚੋਰ ਅਗਨੀ ਦੇ ਵਸਨੀਕ ਇੰਦਰਪਾਲ ਬਿਸ਼ਨੋਈ, ਸੰਦੀਪ ਖਿੱਚੜ, ਪਵਨ ਖਿੱਚੜ ਨੂੰ ਗਿ੍ਫ਼ਤਾਰ ਕੀਤਾ ਗਿਆ ਸੀ | ਇਨ੍ਹਾਂ ਤਿੰਨਾਂ ਨੂੰ ਰਿਮਾਂਡ ਤੋਂ ਬਾਅਦ ਜੇਲ੍ਹ ਭੇਜ ਦਿੱਤਾ ਗਿਆ | ਸਥਾਨਕ ਨਗਰ ਥਾਣਾ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ 15 ਜੁਲਾਈ ਨੂੰ ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਸਾਝਾਪੁਰ ਦੇ ਵਸਨੀਕ ਪਰਿਆਜ਼ਲ ਸ਼ਰਮਾ ਅਤੇ ਆਸ਼ੂਮਨ ਤਿਵਾੜੀ ਨੂੰ ਵੀ ਇਸੇ ਸਬੰਧ ਵਿਚ ਗਿ੍ਫ਼ਤਾਰ ਕੀਤਾ ਸੀ, ਦਾ ਅੱਜ ਮਾਨਯੋਗ ਅਦਾਲਤ ਵਲੋਂ ਦੁਬਾਰਾ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ | ਬਾਕੀ ਹਾਲੇ ਪੁਲਿਸ ਟੀਮਾਂ ਦੇਸ਼ਭਰ ਵਿਚ ਫ਼ਰਾਰ ਸ਼ੂਟਰਾਂ ਦੀ ਭਾਲ ਵਿਚ ਲੱਗੀਆਂ ਹੋਈਆਂ ਹਨ | ਜਲਦੀ ਗਿ੍ਫ਼ਤਾਰ ਕਰ ਲਵਾਂਗੇ |