ਗੁਰਦਾਸਪੁਰ, 3 ਦਸੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਡਾਕਖ਼ਾਨਾ ਚੌਕ ਵਿਚ ਨਗਰ ਕੌਂਸਲ ਗੁਰਦਾਸਪੁਰ ਦੁਆਰਾ ਲੱਖਾਂ ਰੁਪਏ ਖ਼ਰਚ ਕਰਕੇ ਲੋਕਾਂ ਦੀ ਸਹੂਲਤ ਲਈ ਬਣਾਏ ਗਏ ਪਖ਼ਾਨਿਆਂ ਵਿਚ ਗੰਦਗੀ ਦੀ ਭਰਮਾਰ ਕਾਰਨ ਹੁਣ ਪਖਾਨੇ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਕ ਪਾਸੇ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਡੇਂਗੂ, ਮਲੇਰੀਆ ਤੇ ਹੋਰ ਕਈ ਬਿਮਾਰੀਆਂ ਤੋਂ ਬਚਣ ਲਈ ਸਾਫ਼ ਸਫ਼ਾਈ 'ਤੇ ਜ਼ੋਰ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਸਰਕਾਰ ਦੇ ਹੀ ਕੁਝ ਵਿਭਾਗਾਂ ਦੀ ਅਣਗਹਿਲੀ ਤੇ ਲਾਪ੍ਰਵਾਹੀ ਕਾਰਨ ਅਕਸਰ ਹੀ ਲੋਕ ਕਈ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ | ਉਨ੍ਹਾਂ ਕਿਹਾ ਕਿ ਡਾਕਖ਼ਾਨਾ ਚੌਕ ਵਿਚ ਬਣੇ ਪਖਾਨਿਆਂ ਦੀ ਹਾਲਤ ਇੰਨ੍ਹੀ ਜ਼ਿਆਦਾ ਖ਼ਰਾਬ ਹੋ ਚੁੱਕੀ ਹੈ ਕਿ ਕੋਈ ਵੀ ਵਿਅਕਤੀ ਇਨ੍ਹਾਂ ਪਖਾਨਿਆਂ ਵਿਚ ਜਾਣਾ ਮੁਨਾਸਬ ਨਹੀਂ ਸਮਝਦਾ | ਜਦੋਂ ਪੱਤਰਕਾਰ ਵਲੋਂ ਪਖਾਨਿਆਂ ਦੇ ਦਰਵਾਜ਼ੇ ਖੋਲ ਕੇ ਦੇਖਿਆ ਗਿਆ ਤਾਂ ਬਿਨਾਂ ਨੱਕ ਢੱਕੇ ਪਖ਼ਾਨੇ ਅੰਦਰ ਜਾਣਾ ਮੁਸ਼ਕਿਲ ਹੋ ਗਿਆ | ਪਖ਼ਾਨੇ ਦੇ ਅੰਦਰ ਲੱਗੀਆਂ ਟੂਟੀਆਂ ਗ਼ਾਇਬ ਸਨ ਤੇ ਹਰ ਪਾਸੇ ਗੰਦਗੀ ਹੀ ਗੰਦਗੀ ਦਿਖਾਈ ਦਿੱਤੀ | ਇਸ ਤੋਂ ਇਲਾਵਾ ਪਖ਼ਾਨੇ ਦੇ ਅੰਦਰ ਲੱਗੇ ਟਾਇਲਟ ਸੀਟ ਦਾ ਵੀ ਬਹੁਤ ਜ਼ਿਆਦਾ ਬੁਰਾ ਹਾਲ ਸੀ ਤੇ ਹੱਥ ਧੌਣ ਲਈ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਸੀ | ਇਨ੍ਹਾਂ ਪਖਾਨਿਆਂ ਦੀ ਬਾਹਰਲੀ ਦੀਵਾਰ 'ਤੇ ਮੋਟੇ-ਮੋਟੇ ਅੱਖਰਾਂ ਵਿਚ ਨਗਰ ਕੌਂਸਲ ਗੁਰਦਾਸਪੁਰ ਲਿਖਿਆ ਗਿਆ ਹੈ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਪਖਾਨਿਆਂ ਦੀ ਦੇਖ-ਰੇਖ ਦਾ ਜ਼ਿੰਮਾ ਨਗਰ ਕੌਂਸਲ ਗੁਰਦਾਸਪੁਰ ਦੇ ਕੋਲ ਹੈ ਪਰ ਨਗਰ ਕੌਂਸਲ ਗੁਰਦਾਸਪੁਰ ਦੇ ਅਧਿਕਾਰੀਆਂ ਵਲੋਂ ਇਸ ਪਾਸੇ ਧਿਆਨ ਨਾ ਦੇਣ ਕਰਕੇ ਇਹ ਪਖਾਨੇ ਕਈ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ | ਇਨ੍ਹਾਂ ਪਖਾਨਿਆਂ ਦੇ ਨਜ਼ਦੀਕ ਹੀ ਪੁਲਿਸ ਦੀ ਚੈੱਕ ਪੋਸਟ ਵੀ ਬਣੀ ਹੋਈ ਹੈ ਜਿੱਥੇ ਰੋਜ਼ਾਨਾ ਪੁਲਿਸ ਕਰਮਚਾਰੀ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰਦੇ ਹਨ ਤੇ ਚੁਰਸਤਾ ਹੋਣ ਕਰਕੇ ਵਾਹਨਾਂ ਨੂੰ ਲੰਘਣ ਦਾ ਇਸ਼ਾਰਾ ਵੀ ਦਿੰਦੇ ਹਨ | ਇੱਥੇ ਹੀ ਪੁਰਾਣੇ ਸਿਵਲ ਹਸਪਤਾਲ ਦੀ ਇਮਾਰਤ ਵੀ ਮੌਜੂਦ ਹੈ ਜਿੱਥੇ ਵੱਡੀ ਗਿਣਤੀ ਵਿਚ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ | ਇਸ ਤੋਂ ਇਲਾਵਾ ਇਨ੍ਹਾਂ ਪਖਾਨਿਆਂ ਦੇ ਨਜ਼ਦੀਕ ਵੱਡੀ ਗਿਣਤੀ ਵਿਚ ਆਮ ਦੁਕਾਨਾਂ ਤੋਂ ਇਲਾਵਾ ਮੈਡੀਕਲ ਸਟੋਰ ਦੀਆਂ ਦੁਕਾਨਾਂ ਤੇ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਢਾਬੇ ਵੀ ਮੌਜੂਦ ਹਨ ਜਿਨ੍ਹਾਂ 'ਤੇ ਰੋਜ਼ਾਨਾ ਵੱਡੀ ਗਿਣਤੀ 'ਚ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ | ਸ਼ਹਿਰ ਦੇ ਮੇਨ ਚੌਕ ਵਿਚ ਇਹ ਖਸਤਾ ਹਾਲਤ ਪਖਾਨੇ ਸੰਬੰਧਿਤ ਵਿਭਾਗਾਂ 'ਤੇ ਕਈ ਤਰ੍ਹਾਂ ਦੇ ਪ੍ਰਸ਼ਨ ਚਿੰਨ੍ਹ ਖੜੇ ਕਰ ਰਹੇ ਹਨ |