ਗੁਰਦਾਸਪੁਰ, 7 ਨਵੰਬਰ (ਗੁਰਪ੍ਰਤਾਪ ਸਿੰਘ)- ਪੱਗੜੀ ਸੰਭਾਲ ਜੱਟਾ ਲਹਿਰ ਦੁਆਬਾ ਅਤੇ ਮਾਝਾ ਖੇਤਰ ਦੀਆਂ ਕਿਸਾਨ ਯੂਨੀਅਨ ਵਲੋਂ ਗੰਨੇ ਦੀ ਪਿਛਲੀ ਅਦਾਇਗੀ ਨੰੂ ਲੈ ਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਗੰਨਾਂ ਮਿੱਲਾਂ ਵੱਲ 61 ਰੁਪਏ 50 ਪੈਸੇ ਪਿਛਲੇ ਸਾਲ ਦਾ ਬਕਾਇਆ ਕਰੋੜਾਂ ਰੁਪਏ ਖੜ੍ਹਾ ਹੈ ਪਰ ਅਜੇ ਤੱਕ ਮਿੱਲਾਂ ਵਲੋਂ ਕਿਸਾਨਾਂ ਨੰੂ ਕੋਈ ਅਦਾਇਗੀ ਨਹੀਂ ਕੀਤੀ ਗਈ ਜਿਸ ਕਰਕੇ ਕਿਸਾਨਾਂ ਦਾ ਪੰਜਾਬ ਸਰਕਾਰ ਤੇ ਮਿੱਲ ਪ੍ਰਬੰਧਕਾਂ ਖਿਲਾਫ਼ ਭਾਰੀ ਰੋਸ ਹੈ | ਸੀਨੀਅਰ ਕਿਸਾਨ ਆਗੂ ਸਰਬਜੀਤ ਸਿੰਘ ਲਾਲੀਆ, ਪੱਗੜੀ ਸੰਭਾਲ ਜੱਟਾ ਲਹਿਰ ਦੇ ਪ੍ਰਧਾਨ ਬਲਜਿੰਦਰ ਸਿੰਘ ਚੀਮਾ, ਸਰਪੰਚ ਸੁਰਜੀਤ ਸਿੰਘ, ਕਸ਼ਮੀਰ ਸਿੰਘ, ਜਗਜੀਤ ਸਿੰਘ, ਬਲਵਿੰਦਰ ਸਿੰਘ, ਲਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਉਗਰਾਹਾਂ, ਹਰਦੀਪ ਸਿੰਘ ਕੈਸ਼ੀਅਰ, ਗੁਰਮੁੱਖ ਸਿੰਘ, ਕ੍ਰਿਪਾਲ ਸਿੰਘ ਨੇ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਵੱਲ 120 ਕਰੋੜ ਰੁਪਏ ਅਤੇ ਫਗਵਾੜਾ ਮਿੱਲ ਵੱਲ 27 ਕਰੋੜ ਰੁਪਏ ਬਕਾਇਆ ਖੜਾ ਹੈ ਜੋ ਅਜੇ ਤੱਕ ਸਰਕਾਰ ਨੇ ਜਾਰੀ ਨਹੀਂ ਕੀਤਾ | ਉਨ੍ਹਾਂ ਦੱਸਿਆ ਕਿ 2025-26 ਗੰਨੇ ਦਾ ਸੀਜ਼ਨ ਆਰੰਭ ਹੋਣ ਵਾਲਾ ਹੈ ਪਰ ਪੰਜਾਬ ਸਰਕਾਰ ਨੇ ਗੰਨੇ ਦੀ ਬਕਾਇਆ ਰਕਮ ਜਾਰੀ ਨਹੀਂ ਕੀਤੀ | ਉਨਾਂ ਕਿਹਾ ਕਿ ਗੰਨੇ ਦੇ ਰੇਟ 'ਚ 15 ਰੁਪਏ ਦਾ ਵਾਧਾ ਕੀਤਾ ਹੈ ਪਰ ਕਿਸਾਨ 500 ਰੁਪਏ ਪ੍ਰਤੀ ਕੁਇੰਟਲ ਵਾਧੇ ਦੀ ਮੰਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਮਿੱਲ ਪ੍ਰਬੰਧਕਾਂ ਨੇ ਮਿੱਲਾਂ ਚਲਾਉਣ ਦਾ ਅਜੇ ਤੱਕ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ | ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਨੰੂ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੰਜਾਬ ਅੰਦਰ 15 ਨਵੰਬਰ ਨੰੂ ਮਿੱਲਾਂ ਚਲਾਉਣ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇ, ਨਹੀਂ ਤਾਂ ਕਿਸਾਨ ਜਥੇਬੰਦੀਆਂ 18 ਨਵੰਬਰ ਤੋਂ ਸੰਘਰਸ਼ ਸ਼ੁਰੂ ਕਰਨਗੀਆਂ |