ਪਠਾਨਕੋਟ, 7 ਨਵੰਬਰ (ਵਿਨੋਦ) -ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਚੇਅਰਮੈਨ ਕਮ ਡਿਸਟਿ੍ਕ ਐਂਡ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਵਲੋਂ ਸਬ ਜੇਲ ਪਠਾਨਕੋਟ ਦਾ ਦੌਰਾ ਕੀਤਾ ਗਿਆ ਤੇ ਕੈਦੀਆਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਮੌਕੇ ਸੈਸ਼ਨ ਜੱਜ ਵਲੋਂ ਕੈਦੀਆਂ ਦੀ ਬੈਰਕਾਂ ਦੀ ਜਾਂਚ ਕੀਤੀ ਗਈ ਤੇ ਜਿਨ੍ਹਾਂ ਹਵਾਲਾਤੀਆਂ ਕੋਲ ਵਕੀਲ ਨਹੀਂ ਸਨ, ਉਨ੍ਹਾਂ ਨੂੰ ਜ਼ਿਲਾ ਕਾਨੂੰਨੀ ਸੇਵਾ ਅਥਾਰਟੀ ਵਲੋਂ ਮੁਫ਼ਤ 'ਚ ਵਕੀਲ ਮੁਹੱਈਆ ਕਰਵਾਏ ਗਏ | ਜ਼ਿਲ੍ਹਾ ਤੇ ਸੈਸ਼ਨ ਜੱਜ ਜਤਿੰਦਰ ਪਾਲ ਸਿੰਘ ਖੁਰਮੀ ਨੇ ਕਿਹਾ ਕਿ ਨੈਸ਼ਨਲ ਲੀਗਲ ਸਰਵਿਸ ਅਥਾਰਿਟੀ ਦੇ ਨਿਰਦੇਸ਼ਾਂ ਅਨੁਸਾਰ ਹਰ ਕੈਦੀ ਤੇ ਹਵਾਲਾਤੀ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਦਾ ਅਧਿਕਾਰ ਹੈ, ਜਿਸ ਦੇ ਮੱਦੇਨਜ਼ਰ ਅੱਜ ਉਨ੍ਹਾਂ ਵਲੋਂ ਸਬ ਜੇਲ੍ਹ ਪਠਾਨਕੋਟ ਦਾ ਦੌਰਾ ਕੀਤਾ ਗਿਆ ਤਾਂ ਜੋ ਕੋਈ ਵੀ ਕੈਦੀ ਤੇ ਹਵਾਲਾਤੀ ਇਨਸਾਫ਼ ਤੋਂ ਵਾਂਝਾ ਨਾ ਰਹਿ ਸਕੇ | ਉਨ੍ਹਾਂ ਵਲੋਂ ਕੈਦੀਆਂ ਲਈ ਦਿੱਤੇ ਜਾਣ ਵਾਲੇ ਖਾਣੇ ਨੂੰ ਵੀ ਚੈੱਕ ਕੀਤਾ ਗਿਆ ਤੇ ਜੇਲ ਦੀ ਸਫ਼ਾਈ ਵਿਵਸਥਾ ਦੀ ਜਾਂਚ ਕੀਤੀ ਗਈ | ਇਸ ਮੌਕੇ ਸੀ.ਜੇ.ਐਮ. ਰੁਪਿੰਦਰ ਸਿੰਘ, ਜੇਲ੍ਹ ਸੁਪਰਡੈਂਟ ਹਿਮਾਂਸ਼ੂ ਗੋਇਲ ਆਦਿ ਸ਼ਾਮਿਲ ਸਨ |