26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ 'ਤੇ ਵਿਅੰਗ ਭਾਜਪਾ ਦੇ ਜ਼ਿਲ੍ਹਾ ਬੁਲਾਰੇ ਦੀ ਸੌੜੀ ਸੋਚ-ਅਸ਼ੋਕ ਕੁਮਾਰ

ਅਜੀਤ ਡੈਸਕ 22-07-2025
ਪਠਾਨਕੋਟ, 21 ਜੁਲਾਈ (ਸੰਧੂ)-ਭਾਜਪਾ ਬੁਲਾਰੇ ਯੋਗੇਸ਼ ਠਾਕੁਰ ਦਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ 'ਤੇ ਵਿਅੰਗ ਉਨ੍ਹਾਂ ਦੀ ਸੌੜੀ ਸੋਚ ਅਤੇ ਭਾਜਪਾ ਤੇ ਕਾਂਗਰਸ ਦੇ ਗੱਠਜੋੜ ਵੱਲ ਇਸ਼ਾਰਾ ਕਰਦਾ ਹੈ | ਉਪਰੋਕਤ ਬਿਆਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਨੇ ਯੋਗੇਸ਼ 'ਤੇ ਸ਼ਬਦੀ ਹਮਲਾ ਕਰਦੇ ਹੋਏ ਦਿੱਤਾ | ਉਨ੍ਹਾਂ ਕਿਹਾ ਕਿ ਭਾਜਪਾ ਦੇ ਜ਼ਿਲ੍ਹਾ ਬੁਲਾਰੇ ਯੋਗੇਸ਼ ਠਾਕੁਰ ਦਾ ਇਹ ਬਿਆਨ ਕਿ ਡੀ.ਸੀ. ਤੁਹਾਡਾ ਹੈ, ਤੁਸੀਂ ਡੀ.ਸੀ. ਦਫ਼ਤਰ ਵਿਚ ਮੀਟਿੰਗਾਂ ਕਰਦੇ ਹੋ, ਹਲਕਾ ਇੰਚਾਰਜ ਤੁਹਾਡਾ ਹੈ, ਹਰ ਵਾਰਡ ਵਿਚ ਵਾਰਡ ਇੰਚਾਰਜ ਤੁਹਾਡਾ ਹੈ | ਇਸ ਦੇ ਬਾਵਜੂਦ ਨਾ ਤਾਂ ਸੀਵਰੇਜ ਦੀ ਸਫ਼ਾਈ ਹੋ ਰਹੀ ਹੈ, ਨਾ ਹੀ ਗਲੀਆਂ ਅਤੇ ਨਾਲੀਆਂ, ਲੋਕਾਂ ਨੂੰ ਸਾਫ਼ ਪੀਣ ਵਾਲਾ ਪਾਣੀ ਵੀ ਨਹੀਂ ਮਿਲ ਰਿਹਾ, ਇਹ ਬਹੁਤ ਸ਼ਰਮਨਾਕ ਬਿਆਨ ਹੈ | ਮੈਂ ਭਾਜਪਾ ਨੇਤਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਪਠਾਨਕੋਟ ਵਿਚ ਨਿਗਮ ਕਾਂਗਰਸ ਪਾਰਟੀ ਦਾ ਹੈ, ਜਿਸ ਦਾ ਤੁਸੀਂ ਆਪਣੇ ਬਿਆਨ ਰਾਹੀਂ ਸਮਰਥਨ ਕਰ ਰਹੇ ਹੋ ਅਤੇ ਗਲੀਆਂ, ਨਾਲੀਆਂ ਅਤੇ ਸੀਵਰੇਜ ਦੀ ਸਫ਼ਾਈ ਦੀ ਜ਼ਿੰਮੇਵਾਰੀ ਨਿਗਮ ਦੀ ਹੈ, ਕਿਸੇ ਖ਼ਾਸ ਪਾਰਟੀ ਦੀ ਨਹੀਂ | ਨਿਗਮ ਵਿਚ ਹੋ ਰਹੇ ਭਿ੍ਸ਼ਟਾਚਾਰ ਅਤੇ ਨਿਗਮ ਦੀਆਂ ਅਸਫਲਤਾਵਾਂ ਨੂੰ ਜਨਤਾ ਦੇ ਸਾਹਮਣੇ ਉਜਾਗਰ ਕਰਨਾ ਹਲਕਾ ਇੰਚਾਰਜ ਅਤੇ ਵਾਰਡ ਇੰਚਾਰਜ ਦੀ ਜ਼ਿੰਮੇਵਾਰੀ ਹੈ | ਅਸ਼ੋਕ ਕੁਮਾਰ ਨੇ ਅੱਗੇ ਕਿਹਾ ਕਿ ਯੋਗੇਸ਼ ਠਾਕੁਰ ਦੇ ਬਿਆਨ ਨੇ ਸਾਬਤ ਕਰ ਦਿੱਤਾ ਹੈ ਕਿ ਕਾਂਗਰਸ ਅਤੇ ਭਾਜਪਾ ਮਿਲ ਕੇ ਜਨਤਾ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਤੋਂ ਇਲਾਵਾ ਜ਼ਿਲ੍ਹਾ ਮੀਡੀਆ ਇੰਚਾਰਜ ਅਸ਼ੋਕ ਕੁਮਾਰ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਪਠਾਨਕੋਟ ਕਾਰਪੋਰੇਸ਼ਨ ਵਿਚ ਪੰਜਾਬ ਨਿਰਮਾਣ ਫ਼ੰਡ ਦੇ ਰਾਹੀਂ ਕੀਤੇ ਗਏ ਘੁਟਾਲਿਆਂ ਦਾ ਵੀ ਪਰਦਾਫਾਸ਼ ਕੀਤਾ ਜਾਵੇਗਾ ਅਤੇ ਦੋਸ਼ੀ ਵਿਅਕਤੀਆਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਇਨ੍ਹਾਂ ਲੋਕਾਂ ਤੋਂ ਪੈਸਾ ਵਸੂਲ ਕੇ ਜਨਤਾ ਦੇ ਭਲੇ ਲਈ ਵਰਤਿਆ ਜਾਵੇਗਾ |
ਪਿਛਲੀ ਖ਼ਬਰ ਪੰਜਾਬ ਰਾਜ ਅੰਤਰ ਜ਼ਿਲ੍ਹਾ ਸੀਨੀਅਰ ਇਕ ਰੋਜ਼ਾ ਟੂਰਨਾਮੈਂਟ ਵਿਚ ਜ਼ਿਲ੍ਹਾ ਪਠਾਨਕੋਟ ਨੇ ਤਰਨ ਤਾਰਨ ਨੂੰ ਹਰਾਇਆ ਅਗਲੀ ਖ਼ਬਰ ਲਾਇਨਜ਼ ਕਲੱਬ ਪਠਾਨਕੋਟ ਮੇਨ ਨੇ ਲਗਾਏ ਬੂਟੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।