26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਨਿਊਰੋਲੋਜੀਕਲ ਬਿਮਾਰੀਆਂ ਦੇ ਲੱਛਣਾਂ ਅਤੇ ਰੋਕਥਾਮ-ਸੀਨੀਅਰ ਨਿਊਰੋਲੋਜਿਸਟ ਡਾ. ਇਸ਼ਤਿਆਕ

ਅਜੀਤ ਡੈਸਕ 22-07-2025
ਗੁਰਦਾਸਪੁਰ, 21 ਜੁਲਾਈ (ਗੁਰਪ੍ਰਤਾਪ ਸਿੰਘ)-ਨਿਊਰੋਲੋਜੀਕਲ ਬਿਮਾਰੀਆਂ ਦੀ ਵਧ ਰਹੀ ਗਿਣਤੀ ਅਤੇ ਉਨ੍ਹਾਂ ਨਾਲ ਜੁੜੀਆਂ ਗੰਭੀਰ ਪੇਚੀਦਗੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਈ.ਐਮ.ਸੀ. ਹਸਪਤਾਲਾਂ ਦੀ ਇਕਾਈ ਅਬਰੋਲ ਹਸਪਤਾਲ ਗੁਰਦਾਸਪੁਰ ਨੇ ਇਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਹੈ | ਜਿਸ ਦਾ ਉਦੇਸ਼ ਆਮ ਲੋਕਾਂ ਨੂੰ ਦਿਮਾਗ ਅਤੇ ਦਿਮਾਗ਼ੀ ਪ੍ਰਣਾਲੀ ਨਾਲ ਸਬੰਧਿਤ ਬਿਮਾਰੀਆਂ ਬਾਰੇ ਜਾਗਰੂਕ ਕਰਨਾ ਹੈ | ਇਸ ਮੁਹਿੰਮ ਦੀ ਅਗਵਾਈ ਸੀਨੀਅਰ ਨਿਊਰੋਲੋਜਿਸਟ ਡਾ: ਇਸ਼ਤਿਆਕ ਕਰ ਰਹੇ ਹਨ, ਜਿਨ੍ਹਾਂ ਕੋਲ ਨਿਊਰੋਲੋਜੀ ਦੇ ਖੇਤਰ ਵਿਚ ਸਾਲਾਂ ਦਾ ਤਜਰਬਾ ਅਤੇ ਮੁਹਾਰਤ ਹੈ | ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਵਿਚ ਲੱਖਾਂ ਲੋਕ ਹਰ ਸਾਲ ਸਟ੍ਰੋਕ, ਮਿਰਗੀ, ਅਲਜ਼ਾਈਮਰ, ਪਾਰਕਿੰਸਨਸ, ਮਾਈਗ੍ਰੇਨ ਅਤੇ ਨਿਊਰੋਪੈਥੀ ਵਰਗੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੋ ਰਹੇ ਹਨ | ਵਾਰ-ਵਾਰ ਸਿਰਦਰਦ, ਹੱਥਾਂ ਅਤੇ ਪੈਰਾਂ ਦਾ ਸੁੰਨ ਹੋਣਾ, ਅਚਾਨਕ ਚੱਕਰ ਆਉਣਾ, ਸੰਤੁਲਨ ਗੁਆਉਣਾ, ਯਾਦਦਾਸ਼ਤ ਦੀਆਂ ਸਮੱਸਿਆਵਾਂ ਜਾਂ ਬੋਲਣ ਵਿਚ ਗੜਬੜ ਵਰਗੇ ਲੱਛਣ ਕਈ ਵਾਰ ਗੰਭੀਰ ਬਿਮਾਰੀ ਦੀ ਸ਼ੁਰੂਆਤ ਹੋ ਸਕਦੇ ਹਨ | ਜੇਕਰ ਇਨ੍ਹਾਂ ਲੱਛਣਾਂ ਦੀ ਸਮੇਂ ਸਿਰ ਪਹਿਚਾਣ ਕੀਤੀ ਜਾਵੇ ਤਾਂ ਇਲਾਜ ਨਾ ਸਿਰਫ਼ ਸਰਲ ਹੁੰਦਾ ਹੈ, ਸਗੋਂ ਵਿਅਕਤੀ ਦੀ ਆਮ ਜੀਵਨ ਸ਼ੈਲੀ ਨੂੰ ਵੀ ਸੁਰੱਖਿਅਤ ਰੱਖਿਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਨਿਊਰੋਲੋਜੀ ਨਾਲ ਸਬੰਧਿਤ ਬਿਮਾਰੀਆਂ ਬਾਰੇ ਲੋਕਾਂ ਵਿਚ ਜਾਗਰੂਕਤਾ ਦੀ ਬਹੁਤ ਘਾਟ ਹੈ, ਜੋ ਇਨ੍ਹਾਂ ਬਿਮਾਰੀਆਂ ਦੀ ਗੰਭੀਰਤਾ ਨੂੰ ਹੋਰ ਵਧਾਉਂਦੀ ਹੈ | ਅਬਰੋਲ ਹਸਪਤਾਲ ਗੁਰਦਾਸਪੁਰ ਨੇ ਇਸ ਪਹਿਲਕਦਮੀ ਤਹਿਤ ਖ਼ਾਸ ਕਰਕੇ ਪੇਂਡੂ ਅਤੇ ਅਰਧ-ਸ਼ਹਿਰੀ ਖੇਤਰਾਂ ਵਿਚ ਜਾਗਰੂਕਤਾ ਫੈਲਾਉਣ ਦੀ ਯੋਜਨਾ ਬਣਾਈ ਹੈ, ਜਿੱਥੇ ਸਿਹਤ ਸਹੂਲਤਾਂ ਬਾਰੇ ਜਾਣਕਾਰੀ ਸੀਮਤ ਹੈ | ਹਸਪਤਾਲ ਹਰ ਮਹੀਨੇ ਮੁਫ਼ਤ ਨਿਊਰੋ ਸਕਰੀਨਿੰਗ ਕੈਂਪ, ਕਾਊਾਸਲਿੰਗ ਸੈਸ਼ਨ ਅਤੇ ਸਿਹਤ ਸਿੱਖਿਆ ਪ੍ਰੋਗਰਾਮ ਆਯੋਜਿਤ ਕਰੇਗਾ | ਇਸ ਤੋਂ ਇਲਾਵਾ ਨੌਜਵਾਨਾਂ ਨੂੰ ਸਕੂਲਾਂ, ਕਾਲਜਾਂ ਅਤੇ ਸਮਾਜਿਕ ਸੰਗਠਨਾਂ ਰਾਹੀਂ ਨਿਊਰੋਲੋਜੀਕਲ ਸਿਹਤ ਦੀ ਮਹੱਤਤਾ ਬਾਰੇ ਵੀ ਸਿੱਖਿਅਤ ਕੀਤਾ ਜਾਵੇਗਾ | ਹਸਪਤਾਲ ਦਾ ਉਦੇਸ਼ ਇਹ ਹੈ ਕਿ ਹਰ ਵਿਅਕਤੀ ਭਾਵੇਂ ਉਸ ਦੀ ਉਮਰ ਕੋਈ ਵੀ ਹੋਵੇ, ਆਪਣੇ ਦਿਮਾਗ ਅਤੇ ਦਿਮਾਗ਼ੀ ਪ੍ਰਣਾਲੀ ਦੀ ਸਿਹਤ ਬਾਰੇ ਜਾਣੂ ਹੋਵੇ ਅਤੇ ਕਿਸੇ ਵੀ ਲੱਛਣ ਨੂੰ ਹਲਕੇ ਵਿਚ ਨਾ ਲਵੇ | ਡਾ: ਇਸ਼ਤਿਆਕ ਨੇ ਕਿਹਾ ਕਿ ਨਿਊਰੋਲੋਜੀਕਲ ਸਮੱਸਿਆਵਾਂ ਬਾਰੇ ਕੋਈ ਸ਼ਰਮ ਜਾਂ ਡਰ ਨਹੀਂ ਹੋਣਾ ਚਾਹੀਦਾ | ਇਹ ਸ਼ੂਗਰ ਜਾਂ ਦਿਲ ਦੀ ਬਿਮਾਰੀ ਵਰਗੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਇਲਾਜ ਸਹੀ ਸਮੇਂ 'ਤੇ ਪਤਾ ਲੱਗਣ ਨਾਲ ਕੀਤਾ ਜਾ ਸਕਦਾ ਹੈ | ਅਬਰੋਲ ਹਸਪਤਾਲ ਇਸ ਦਿਸ਼ਾ ਵਿਚ ਯਤਨਸ਼ੀਲ ਰਹੇਗਾ ਅਤੇ ਸਮਾਜ ਨੂੰ ਬਿਹਤਰ ਨਿਊਰੋਲੋਜੀਕਲ ਸਿਹਤ ਲਈ ਪ੍ਰੇਰਿਤ ਕਰਦਾ ਰਹੇਗਾ |
ਪਿਛਲੀ ਖ਼ਬਰ ਗਗਨ ਇੰਟਰਨੈਸ਼ਨਲ ਸਕੂਲ ਵਿਖੇ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਜ਼ਿਲ੍ਹਾ ਗੁਰਦਾਸਪੁਰ ਵਿਚ ਮੂੰਹ ਢਕ ਕੇ ਪੈਦਲ ਚੱਲਣ ਜਾਂ ਵਾਹਨ ਚਲਾਉਣ 'ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।