ਫ਼ਤਹਿਗੜ੍ਹ ਸਾਹਿਬ, 2 ਦਸੰਬਰ (ਮਨਪ੍ਰੀਤ ਸਿੰਘ)-ਥਾਣਾ ਸਰਹਿੰਦ ਪੁਲਿਸ ਨੂੰ ਮਾਨ ਫਰੂਟ ਫਾਰਮ ਦੇ ਪਿਛਲੇ ਪਾਸੇ ਵੱਟ ਦੇ ਨਜ਼ਦੀਕ ਲੱਗੇ ਪਾਪੂਲਰ ਦੇ ਦਰਖ਼ਤ ਨਾਲ ਲਟਕਦੀ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ | ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਕੱਲ੍ਹ ਸਥਾਨਕ ਵਸਨੀਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ ਕਿ ਸਾਹਿਬਜ਼ਾਦਾ ਨਗਰ, ਮਾਨ ਫਰੂਟ ਫਾਰਮ ਦੇ ਪਿਛਲੇ ਪਾਸੇ ਖੇਤਾਂ ਦੀ ਵੱਟ 'ਤੇ ਖੜ੍ਹੇ ਪਾਪੂਲਰ ਦੇ ਦਰਖ਼ਤ ਨਾਲ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਲਮਕੀ ਹੋਈ ਹੈ, ਜਿਸ ਨੂੰ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਹੇਠਾਂ ਉਤਾਰਿਆ | ਸਹਾਇਕ ਥਾਣੇਦਾਰ ਰਘਵੀਰ ਸਿੰਘ ਨੇ ਦੱਸਿਆ ਕਿ ਉਕਤ ਮਿ੍ਤਕ ਵਿਅਕਤੀ ਬੈਲਟ ਨਾਲ ਲਮਕਿਆ ਪਾਇਆ ਗਿਆ, ਜਿਸ ਦੀਆਂ ਜੇਬਾਂ 'ਚੋਂ ਕੋਈ ਵੀ ਪਹਿਚਾਣ ਪੱਤਰ ਵਗ਼ੈਰਾ ਬਰਾਮਦ ਨਹੀਂ ਹੋਇਆ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਉਮਰ 22 ਤੋਂ 25 ਸਾਲ ਜਾਪਦੀ ਹੈ, ਜਿਸ ਦੇ ਨੀਲੀ ਜੀਨ ਤੇ ਕਾਲੀ ਜਾਕਟ ਪਹਿਨੀ ਹੋਈ ਹੈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਸਬੰਧੀ ਆਲੇ ਦੁਆਲੇ ਪੁੱਛਗਿੱਛ ਕੀਤੀ ਗਈ ਪਰ ਉਕਤ ਵਿਅਕਤੀ ਬਾਰੇ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੋ ਪਾਈ | ਉਨ੍ਹਾਂ ਦੱਸਿਆ ਕਿ ਪੁਲਿਸ ਦੁਆਰਾ ਉਕਤ ਨਾਮਾਲੂਮ ਵਿਅਕਤੀ ਦੀ ਲਾਸ਼ ਨੂੰ 72 ਘੰਟਿਆਂ ਲਈ ਸਿਵਲ ਹਸਪਤਾਲ ਅਮਲੋਹ ਵਿਖੇ ਰਖਵਾਇਆ ਗਿਆ ਹੈ ਤਾਂ ਜੋ ਉਕਤ ਵਿਅਕਤੀ ਦੀ ਪਛਾਣ ਹੋ ਸਕੇ |