ਅਮਲੋਹ, 20 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਹਾਨ ਕੁਰਬਾਨੀ ਮਨੁੱਖਤਾ ਦੇ ਇਤਿਹਾਸ ਦਾ ਉਹ ਚਾਨਣ ਮੁਨਾਰਾ ਹੈ, ਜਿਸ ਨੇ ਤਾਨਾਸ਼ਾਹੀ ਦੇ ਹਨੇਰੇ ਵਿਚ ਵੀ ਹੱਕਾਂ ਤੇ ਧਰਮ ਦੀ ਰੱਖਿਆ ਦਾ ਰਾਹ ਰੌਸ਼ਨ ਰੱਖਿਆ | ਇਹ ਵਿਚਾਰ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ ਨਰਾਇਣਗੜ੍ਹ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਵਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਿਰਫ਼ ਕਿਸੇ ਇਕ ਕੌਮ ਲਈ ਹੀ ਨਹੀਂ, ਬਲਕਿ ਹਰ ਧਰਮ, ਮਜ਼ਹਬ ਅਤੇ ਹਰ ਕਮਜ਼ੋਰ ਅਤੇ ਪੀੜਤ ਮਨੁੱਖ ਦੇ ਅਧਿਕਾਰਾਂ ਦੀ ਰੱਖਿਆ ਲਈ ਆਪਣਾ ਸੀਸ ਨਿਛਾਵਰ ਕਰ ਦਿੱਤਾ | ਉਨ੍ਹਾਂ ਕਿਹਾ ਕਿ ਅਜਿਹੀ ਲਾਸਾਨੀ ਕੁਰਬਾਨੀ ਦੀ ਉਦਾਹਰਨ ਸਾਰੀ ਦੁਨੀਆ ਦੇ ਇਤਿਹਾਸ 'ਚੋਂ ਕਿਤੇ ਵੀ ਨਹੀਂ ਮਿਲਦੀ, ਜਿੱਥੇ ਕਿਸੇ ਇਕ ਧਰਮ ਦੇ ਆਗੂ ਨੇ ਦੂਜੇ ਧਰਮ ਦੀ ਰੱਖਿਆ ਲਈ ਆਪਣੀ ਜਾਨ ਵਾਰ ਦਿੱਤੀ ਹੋਵੇ | ਉਨ੍ਹਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੇ ਸਾਡੇ ਵਿਚ ਆਪਣੇ ਅਧਿਕਾਰਾਂ ਲਈ ਡੱਟਣ ਦੀ ਨਵੀਂ ਸੋਚ ਤੇ ਜਜ਼ਬੇ ਨੂੰ ਜਨਮ ਦਿੱਤਾ |