ਅਮਲੋਹ, 20 ਨਵੰਬਰ (ਕੇਵਲ ਸਿੰਘ)-ਫ਼ਤਹਿਗੜ੍ਹ ਸਾਹਿਬ ਪੁਲਿਸ ਵਲੋਂ ਇਕ ਅਜਿਹੇੇ ਭਗੌੜੇ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ, ਜੋ ਭੋਲੇ ਭਾਲੇ ਲੋਕਾਂ ਨੂੰ ਲੋਨ ਤੇ ਕੰਬਾਈਨਾਂ ਦਿਵਾਉਂਦਾ ਸੀ ਤੇ ਉਨ੍ਹਾਂ ਕੰਬਾਈਨਾਂ ਨੂੰ ਦੂਜੇ ਸੂਬੇ 'ਚ ਵੇਚ ਕੇ ਪੈਸੇ ਆਪ ਰੱਖ ਲੈਂਦਾ ਸੀ | ਇਸ ਸੰਬੰਧੀ ਥਾਣਾ ਅਮਲੋਹ ਵਿਖੇ ਜਾਣਕਾਰੀ ਦਿੰਦੇ ਹੋਏ ਫ਼ਤਹਿਗੜ੍ਹ ਸਾਹਿਬ ਦੇ ਪੀ. ਓ. ਸਟਾਫ਼ ਇੰਚਾਰਜ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਕੁਲਦੀਪ ਸਿੰਘ ਵਾਸੀ ਭਰਪੂਰਗੜ੍ਹ ਦੇ ਖਿਲਾਫ਼ ਥਾਣਾ ਅਮਲੋਹ 'ਚ ਵੱਖ-ਵੱਖ ਮੁਕੱਦਮੇ ਦਰਜ ਹਨ | ਉਨ੍ਹਾਂ ਦੱਸਿਆ ਕਿ ਉਕਤ ਕੁਲਦੀਪ ਸਿੰਘ ਜੁਲਾਈ 2025 ਤੋਂ ਭਗੌੜਾ ਕਰਾਰ ਹੈ, ਜਿਸ ਨੂੰ ਉਨ੍ਹਾਂ ਵਲੋਂ ਬੜੇ ਹੀ ਮਸ਼ੱਕਤ ਨਾਲ ਕਾਬੂ ਕੀਤਾ ਗਿਆ ਹੈ | ਇੰਸ. ਕੁਲਵੰਤ ਸਿੰਘ ਨੇ ਦੱਸਿਆ ਕਿ ਕੁਲਦੀਪ ਸਿੰਘ ਲੋਕਾਂ ਨੂੰ ਲੋਨ ਤੇ ਕਿਸ਼ਤਾਂ 'ਤੇ ਕੰਬਾਇਨਾਂ ਦਿਵਾਉਂਦਾ ਸੀ ਜੋ ਕਿ ਦੂਸਰੇ ਰਾਜਾਂ ਵਿਚ ਜਾ ਕੇ ਇਨ੍ਹਾਂ ਕੰਬਾਇਨਾਂ ਨੂੰ ਵੇਚ ਦਿੰਦਾ ਸੀ | ਜਿਸ ਦੀ ਸ਼ਿਕਾਇਤ ਅਮਲੋਹ ਥਾਣੇ 'ਚ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਸਿੰਘ ਨੂੰ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ 'ਤੇ ਰੋਹਟੀ ਦੇ ਪੁਲ਼ 'ਤੇ ਕਾਬੂ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਨਾਲ ਹੋਰ ਵੀ ਖ਼ੁਲਾਸੇ ਹੋਣ ਦੀ ਉਮੀਦ ਹੈ |