17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਵੇਰਕਾ ਮਿਲਕ ਪਲਾਂਟਾਂ ਵਲੋਂ ਕਿਸਾਨਾਂ ਦਾ ਕੀਤਾ ਜਾ ਰਿਹਾ ਆਰਥਿਕ ਸ਼ੋਸ਼ਣ- ਚੀਮਾ

ਅਜੀਤ ਡੈਸਕ 20-11-2025
ਅਮਲੋਹ, 19 ਨਵੰਬਰ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਦੇ ਡੇਅਰੀ ਫਾਰਮਰਾਂ ਤੋਂ ਦੁੱਧ ਖ਼ਰੀਦਣ ਵਾਲੀ ਪ੍ਰਮੁੱਖ ਸਹਿਕਾਰਤਾ ਕੰਪਨੀ ਵੇਰਕਾ ਵਲੋਂ ਕਿਸਾਨਾਂ ਦਾ ਦੂਹਰਾ ਸ਼ੋਸ਼ਣ ਕੀਤਾ ਜਾ ਰਿਹਾ ਹੈ | ਕਿਉਂਕਿ ਇਕ ਤਾਂ ਇਸ ਵਲੋਂ ਕਿਸਾਨਾਂ ਨੂੰ ਦੁੱਧ ਦੇ ਜੋ ਰੇਟ ਦਿੱਤੇ ਜਾ ਰਹੇ ਹਨ, ਉਹ ਨਾ ਸਿਰਫ਼ ਪੰਜਾਬ ਵਿਚ ਦੁੱਧ ਖ਼ਰੀਦਣ ਦਾ ਕਾਰੋਬਾਰ ਕਰਦੀਆਂ ਬਹੁਤੀਆਂ ਪ੍ਰਮੁੱਖ ਕੰਪਨੀਆਂ ਨਾਲੋਂ ਘੱਟ ਦਿੱਤੇ ਜਾ ਰਹੇ ਹਨ ਤੇ ਦੂਜਾ ਵੱਡੇ ਡੇਅਰੀ ਫਾਰਮਰਾਂ ਦੇ ਮੁਕਾਬਲੇ ਛੋਟੇ ਡੇਅਰੀ ਫਾਰਮਰਾਂ ਨਾਲ ਵੀ ਵਿਤਕਰਾ ਕੀਤਾ ਜਾ ਰਿਹਾ ਹੈ, ਕਿਉਂਕਿ ਵੱਡੇ ਦੁੱਧ ਉਤਪਾਦਕਾਂ ਨੂੰ ਵੇਰਕਾ ਵਲੋਂ 4 ਰੁਪਏ ਪ੍ਰਤੀ ਲੀਟਰ ਤੱਕ ਇਨਸੈਨਟਿਵ ਦਿੱਤੇ ਜਾਣ ਕਾਰਨ ਛੋਟੇ ਉਤਪਾਦਕਾਂ ਨਾਲੋਂ ਵੱਧ ਰੇਟ ਦਿੱਤਾ ਜਾ ਰਿਹਾ ਹੈ | ਇਹ ਅਹਿਮ ਪ੍ਰਗਟਾਵਾ ਅੱਜ ਏਥੇ 'ਆਪ' ਦੇ ਸੀਨੀਅਰ ਆਗੂ ਦਰਸ਼ਨ ਸਿੰਘ ਚੀਮਾ ਵਲੋਂ ਪ੍ਰੈਸ ਕਾਨਫ਼ਰੰਸ ਵਿਚ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦੁੱਧ ਉਤਪਾਦਕਾਂ 'ਤੇ ਪੈ ਰਹੀ ਇਸ ਮਾਰ ਨੂੰ ਰੋਕਣ ਲਈ ਅੱਜ ਹਲਕਾ ਵਿਧਾਇਕ ਰਾਹੀਂ ਇਕ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਚੱਲ ਰਹੀ ਇਸ ਪ੍ਰਕਿਰਿਆ ਕਾਰਨ ਪੰਜਾਬ 'ਚੋਂ ਛੋਟੇ ਕਿਸਾਨ ਅਤੇ ਬਹੁਤ ਸਾਰੇ ਭੂਮੀਹੀਣ ਉਹ ਲੋਕ ਜਿਨ੍ਹਾਂ ਦੀ ਰੋਜ਼ੀ ਰੋਟੀ ਪਸ਼ੂਆਂ ਦਾ ਦੁੱਧ ਵੇਚ ਕੇ ਚੱਲਦੀ ਸੀ, ਇਸ ਧੰਦੇ ਤੋਂ ਬਾਹਰ ਹੁੰਦੇ ਜਾ ਰਹੇ ਹਨ ਕਿਉਂਕਿ ਇਸ ਸਮੇਂ ਪਸ਼ੂਆਂ ਦੀ ਖ਼ੁਰਾਕ, ਮੈਡੀਕਲ ਟਰੀਟਮੈਂਟ ਅਤੇ ਪਸ਼ੂਆਂ ਦੀ ਸਾਂਭ-ਸੰਭਾਲ ਦੇ ਖ਼ਰਚੇ ਇੰਨੇ ਵੱਧ ਗਏ ਹਨ ਕਿ ਖ਼ਰਚੇ ਕੱਢ ਕੇ ਛੋਟੇ ਉਤਪਾਦਕਾਂ ਦੇ ਪੱਲੇ ਫੁੱਟੀ ਕੌਡੀ ਵੀ ਨਹੀਂ ਪੈਂਦੀ | ਸ. ਚੀਮਾ ਨੇ ਕਿਹਾ ਕਿ ਮਿਲਕਫੈੱਡ ਵਲੋਂ ਪੰਜਾਬ ਵਿਚ ਗਾਵਾਂ ਤੇ ਮੱਝਾਂ ਦੇ ਦੁੱਧ ਦੀ ਫੈਟ ਰੇਟ ਵਿਚ ਬਹੁਤ ਫ਼ਰਕ ਪਾ ਦਿੱਤਾ ਹੈ ਜੋ ਪਹਿਲਾਂ ਇਕੋ ਜਿਨ੍ਹਾਂ ਹੁੰਦਾ ਸੀ | ਉਨ੍ਹਾਂ ਦੱਸਿਆ ਇਸ ਸਮੇਂ ਗਾਂ ਦੇ ਦੁੱਧ ਦੀ ਫੈਟ ਦਾ ਰੇਟ 790 ਰੁਪਏ ਪ੍ਰਤੀ ਕਿੱਲੋ ਫੈਟ ਹੈ, ਜਦਕਿ ਮੱਝ ਦੇ ਦੁੱਧ ਦੀ ਫੈਟ ਦਾ ਰੇਟ 830 ਰੁਪਏ ਪ੍ਰਤੀ ਕਿੱਲੋ ਫੈਟ ਹੈ | ਉਨ੍ਹਾਂ ਦੱਸਿਆ ਕਿ 2013 'ਚ ਪਹਿਲੀ ਵਾਰ ਇਹ ਰੇਟ 10 ਰੁਪਏ ਘਟਾਇਆ ਗਿਆ ਸੀ ਜੋ ਅੱਜ ਘਟਾਉਂਦੇ ਘਟਾਉਂਦੇ 40 ਰੁਪਏ ਤੱਕ ਪਹੁੰਚਾ ਦਿੱਤਾ ਗਿਆ | ਦੂਜੇ ਪਾਸੇ ਅਮੂਲ ਵਰਗੀਆਂ ਵੱਡੀਆਂ ਡੇਅਰੀਆਂ ਮੱਝਾਂ ਦੇ ਦੁੱਧ ਦਾ ਰੇਟ 860 ਰੁਪਏ ਪ੍ਰਤੀ ਕਿੱਲੋ ਫੈਟ ਦੇ ਰਹੀਆਂ ਹਨ, ਉਨ੍ਹਾਂ ਦੱਸਿਆ ਕਿ ਵੇਰਕਾ ਦਾ ਐਸ.ਐਨ.ਐਫ ਦਾ ਸਟੈਂਡਰਡ 850 ਅਤੇ ਅਮੂਲ ਦਾ ਸਟੈਂਡਰਡ 900 ਹੈ | ਜਿਸ ਨਾਲ ਸਾਫ਼ ਪਤਾ ਲੱਗਦਾ ਹੈ ਕਿ ਪੰਜਾਬ ਦੇ ਦੁੱਧ ਉਤਪਾਦਕਾਂ ਨਾਲ ਦਰਾਂ ਦੇ ਮਾਮਲੇ ਵਿਚ ਅਨਿਆਇ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਬਾਹਰਲੀ ਕੰਪਨੀਆਂ ਪੰਜਾਬ ਵਿਚ ਆ ਕੇ ਰੇਟ ਵੱਧ ਦੇ ਰਹੀਆਂ ਜਦੋਂਕਿ ਪੰਜਾਬ ਦੀ ਕੰਪਨੀ ਵੇਰਕਾ ਰੇਟ ਘੱਟ ਦੇ ਰਹੀ ਹੈ ਜਦੋਂ ਕਿ ਉਸ ਨੂੰ ਵੱਧ ਦੇਣਾ ਚਾਹੀਦਾ ਸੀ | ਚੀਮਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਗਾਂ ਅਤੇ ਮੱਝ ਦੇ ਦੁੱਧ ਦਾ ਫੈਟ ਰੇਟ ਬਰਾਬਰ ਕੀਤੀ ਜਾਵੇ ਤਾਂ ਜੋ ਦੁੱਧ ਉਤਪਾਦਕਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਯੋਗ ਮੁੱਲ ਮਿਲ ਸਕੇ | ਉਨ੍ਹਾਂ ਇਹ ਵੀ ਮੰਗ ਕੀਤੀ ਦੁੱਧ ਦੀ ਕੀਮਤ ਵੀ ਅਮੂਲ ਦੇ ਬਰਾਬਰ ਕੀਤੀ ਜਾਵੇ ਅਤੇ ਛੋਟੇ ਫਾਰਮਰਾਂ ਨੂੰ ਵੀ ਵੱਡੇ ਫਾਰਮਰਾਂ ਦੀ ਤਰ੍ਹਾਂ ਲਾਹੇਵੰਦ ਇਨਸੈਨਟਿਵ ਦਿੱਤਾ ਜਾਵੇ | ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਬਲਦੇਵ ਸਿੰਘ ਮੀਆਂਪੁਰ ਨੇ ਕਿਹਾ ਕਿ ਇਹ ਮਸਲਾ ਸਿੱਧਾ ਪੰਜਾਬ ਦੇ ਡੇਅਰੀ ਫਾਰਮਰਾਂ ਦੀ ਆਰਥਿਕ ਹਾਲਤ ਨਾਲ ਜੁੜਿਆ ਹੋਇਆ ਹੈ, ਇਸ ਲਈ ਦੁੱਧ ਉਤਪਾਦਕਾਂ ਦੇ ਹੋ ਰਹੇ ਸ਼ੋਸ਼ਣ ਦੀ ਤੁਰੰਤ ਜਾਂਚ ਕਰਕੇ ਜਲਦੀ ਕਾਰਵਾਈ ਕੀਤੀ ਜਾਵੇ | ਜਿਸ ਨਾਲ ਪੰਜਾਬ ਦੇ ਲੱਖਾਂ ਸੀਮਤ ਤੇ ਭੂਮੀਹੀਣ ਪਰਿਵਾਰਾਂ ਨੂੰ ਰਾਹਤ ਮਿਲੇਗੀ ਤੇ ਦੁੱਧ ਉਤਪਾਦਕ ਹੋਰ ਮਜ਼ਬੂਤ ਹੋਣਗੇ | ਇਸ ਪ੍ਰੈਸ ਕਾਨਫ਼ਰੰਸ 'ਚ ਕਿਸਾਨ ਆਗੂ ਗੁਰਮੀਤ ਸਿੰਘ ਰੁੜਕੀ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਨਗਰ ਕੀਰਤਨ ਦੇ ਸਵਾਗਤ ਦੀਆਂ ਤਿਆਰੀਆਂ ਦਾ ਜਾਇਜ਼ਾ ਅਗਲੀ ਖ਼ਬਰ ਅਦਾਲਤ ਵਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।