ਸੰਘੋਲ, 19 ਨਵੰਬਰ (ਪਰਮਵੀਰ ਸਿੰਘ ਧਨੋਆ)- ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਨਾ ਸਿਰਫ਼ ਸਮਕਾਲੀ ਸਮਾਜ ਲਈ ਸਗੋਂ ਸਮੁੱਚੀ ਮਨੁੱਖਤਾ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸ੍ਰੋਤ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਦਰਬਾਰਾ ਸਿੰਘ ਗੁਰੂ ਹਲਕਾ ਇੰਚਾਰਜ ਬਸੀ ਪਠਾਣਾਂ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਅਵਤਾਰ ਸਿੰਘ ਰਿਆ ਮੈਂਬਰ ਸ਼੍ਰੋਮਣੀ ਕਮੇਟੀ ਨੇ ਸੰਘੋਲ ਵਿਖੇ ਸ਼ਹੀਦੀ ਨਗਰ ਕੀਰਤਨ ਦੀ ਆਮਦ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਉਪਰੰਤ ਕਹੇ | ਉਨ੍ਹਾਂ ਕਿਹਾ ਕਿ ਗੁਰੂ ਜੀ ਦੀ ਸ਼ਹਾਦਤ ਨੇ ਉਸ ਸਮੇਂ ਦੇ ਮਜ਼ਲੂਮਾਂ, ਨਿਤਾਣਿਆਂ, ਨਿਓਟਿਆਂ ਅਤੇ ਨਿਮਾਣਿਆਂ ਦੇ ਹਿਰਦੇ ਵਿਚ ਜ਼ੁਲਮ, ਜਬਰ ਤੇ ਅਨਿਆਂ ਖ਼ਿਲਾਫ਼ ਲੜਨ ਲਈ ਇਕ ਨਵੀਂ ਰੂਹ ਫੂਕੀ | ਉਨ੍ਹਾਂ ਦੱਸਿਆ ਕਿ ਸ਼ਹੀਦੀ ਨਗਰ ਕੀਰਤਨ 21 ਨਵੰਬਰ ਨੂੰ ਸਵੇਰੇ 8 ਵਜੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਤੋਂ ਰਵਾਨਾ ਹੋਵੇਗਾ ਤੇ 9 ਵਜੇ ਬਸੀ ਪਠਾਣਾਂ ਪਹੁੰਚ ਕੇ ਨੌਗਾਵਾਂ, ਆਲਮਪੁਰ ਆਦਿ ਪਿੰਡਾਂ 'ਚੋਂ ਲੰਘਦਾ ਹੋਇਆ ਮੋਰਿੰਡਾ ਬਾਈ ਪਾਸ ਤੋਂ ਖੰਟ-ਮਾਨਪੁਰ ਹੋ ਕੇ 12 ਵਜੇ ਸੰਘੋਲ ਪਹੁੰਚੇਗਾ | ਸੰਘੋਲ ਸਮੇਤ ਹਰ ਪੜਾਅ 'ਤੇ ਸੰਗਤ ਵਲੋਂ ਭਰਵਾਂ ਸੁਆਗਤ ਕੀਤਾ ਜਾਵੇਗਾ | ਇਸ ਤੋਂ ਬਾਅਦ ਖਮਾਣੋਂ ਵਿਖੇ 1 ਵਜੇ ਪਹੁੰਚਣ ਉਪਰੰਤ ਨਗਰ ਕੀਰਤਨ ਅਗਲੇ ਪੜਾਅ ਵਿਚ ਪ੍ਰਵੇਸ਼ ਕਰੇਗਾ | ਮੀਟਿੰਗ ਵਿਚ ਜਥੇਦਾਰ ਪਿਆਰਾ ਸਿੰਘ ਮਾਨਪੁਰ ਸਰਕਲ ਪ੍ਰਧਾਨ, ਓਾਕਾਰ ਸਿੰਘ ਗੁਰਦੁਆਰਾ ਪ੍ਰਧਾਨ ਮਾਨਪੁਰ, ਸੁਖਦੇਵ ਕੁਮਾਰ ਭਟਨਾਗਰ ਪ੍ਰਧਾਨ ਦੁਕਾਨਦਾਰ ਯੂਨੀਅਨ, ਗੁਰਦੀਪ ਸਿੰਘ ਸਰਕਲ ਪ੍ਰਧਾਨ ਯੂਥ ਵਿੰਗ, ਜਸਬੀਰ ਸਿੰਘ ਬਿਰਦੀ, ਦਿਨੇਸ਼ ਸਿੰਘ ਬਿੱਲਾ ਇਕਾਈ ਪ੍ਰਧਾਨ ਸੰਘੋਲ, ਜਥੇ. ਸਵਰਨ ਸਿੰਘ, ਸੁਖਵੀਰ ਕੌਰ, ਜਸਵੀਰ ਸਿੰਘ ਪੰਚ, ਮਨੀਸ਼ ਕੁਮਾਰ ਪੰਚ ਅਤੇ ਹੋਰ ਸੰਗਤਾਂ ਹਾਜ਼ਰ ਸਨ |