ਫ਼ਤਹਿਗੜ੍ਹ ਸਾਹਿਬ, 7 ਨਵੰਬਰ (ਮਨਪ੍ਰੀਤ ਸਿੰਘ)-ਸਪਿਕ ਮੈਕੇ ਦੇ ਸਹਿਯੋਗ ਨਾਲ ਹੈਰੀਟੇਜ ਕਲੱਬ ਦੇ ਬੈਨਰ ਹੇਠ ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਵਿਖੇ ਇਕ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਭਾਰਤ ਦੀ ਅਮੀਰ ਸ਼ਾਸਤਰੀ ਪਰੰਪਰਾ ਨੂੰ ਪ੍ਰਦਰਸ਼ਿਤ ਕੀਤਾ ਗਿਆ | ਪ੍ਰਸਿੱਧ ਮੋਹਨਿਯੱਟਮ ਡਾਂਸਰ ਡਾ. ਰੇਖਾ ਰਾਜੂ ਜੋ ਕਿ ਉਸਤਾਦ ਬਿਸਮਿੱਲ੍ਹਾ ਖ਼ਾਨ ਯੁਵਾ ਪੁਰਸਕਾਰ ਪ੍ਰਾਪਤ ਕਰਤਾ ਹੈ ਨੇ ਇਸ ਮੌਕੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਆਪਣੇ ਰੂਹਾਨੀ ਤੇ ਮਨਮੋਹਕ ਪ੍ਰਦਰਸ਼ਨ ਨਾਲ ਸਰੋਤਿਆਂ ਦਾ ਮੰਨੋਰਜਨ ਕੀਤਾ | ਸੰਗੀਤਕ ਸੰਗਤ ਵਿਚ ਕੇ. ਐੱਸ. ਜਯਨ (ਵੋਕਲ), ਕੇਸ਼ਵਨ ਰਾਮਮੂਰਤੀ (ਮਿ੍ਦੰਗਮ) ਅਤੇ ਸ਼ਰੇਅੰਬਿਕਾ ਨਾਰਾਇਣ (ਵਾਇਲਨ) ਨੇ ਭਾਗ ਲਿਆ | ਨਾਚ ਪ੍ਰਦਰਸ਼ਨ ਨੇ ਭਗਵਾਨ ਗਣੇਸ਼ ਅਤੇ ਭਗਵਾਨ ਕਿ੍ਸ਼ਨ ਦੀ ਕਹਾਣੀ ਨੂੰ ਦਰਸਾਇਆ | ਡਾ. ਰਾਜੂ ਦੇ ਨਾਜ਼ੁਕ ਹਾਵ-ਭਾਵ, ਭਾਵਪੂਰਨ ਅੱਖਾਂ ਦੇ ਹਾਵ-ਭਾਵ ਅਤੇ ਤਾਲਬੱਧ ਹਰਕਤਾਂ ਨੇ ਦਰਸ਼ਕਾਂ ਨੂੰ ਮੋਹਿਤ ਕੀਤਾ | ਪ੍ਰੋਗਰਾਮ ਵਿਦਿਆਰਥੀਆਂ ਨਾਲ ਇਕ ਇੰਟਰਐਕਟਿਵ ਸੈਸ਼ਨ ਨਾਲ ਸਮਾਪਤ ਹੋਇਆ, ਜਿੱਥੇ ਕਲਾਕਾਰ ਨੇ ਮੋਹਨਿਯੱਟਮ 'ਚ ਕੁਝ ਬੁਨਿਆਦੀ ਕਦਮਾਂ, ਮੁਦਰਾਵਾਂ ਤੇ ਵੱਖ-ਵੱਖ ਜਾਨਵਰਾਂ ਅਤੇ ਪੰਛੀਆਂ ਨੂੰ ਦਰਸਾਉਣ ਦੇ ਤਰੀਕਿਆਂ ਦਾ ਅਭਿਆਸ ਕੀਤਾ | ਪਿ੍ੰਸੀਪਲ ਸੰਗੀਤਾ ਸ਼ਰਮਾ ਨੇ ਕਿਹਾ ਕਲਾ ਤੇ ਸੱਭਿਆਚਾਰ ਇਕ ਰਾਸ਼ਟਰ ਦੀ ਆਤਮਾ ਦਾ ਸਾਹ ਹਨ | ਡਾ. ਰੇਖਾ ਰਾਜੂ ਵਰਗੇ ਮਹਾਨ ਕਲਾਕਾਰਾਂ ਤੋਂ ਸਿੱਖਣ ਦਾ ਮੌਕਾ ਸਾਡੇ ਵਿਦਿਆਰਥੀਆਂ ਲਈ ਬਹੁਤ ਪ੍ਰੇਰਨਾਦਾਇਕ ਹੈ | ਇਸ ਤਰ੍ਹਾਂ ਦੇ ਪ੍ਰੋਗਰਾਮ ਨਾ ਸਿਰਫ਼ ਸਾਨੂੰ ਸਾਡੀਆਂ ਸੱਭਿਆਚਾਰਕ ਜੜ੍ਹਾਂ ਨਾਲ ਜੋੜਦੇ ਹਨ, ਬਲਕਿ ਵਿਦਿਆਰਥੀਆਂ ਵਿਚ ਅਨੁਸ਼ਾਸਨ, ਇਕਾਗਰਤਾ ਅਤੇ ਰਚਨਾਤਮਿਕਤਾ ਵੀ ਵਿਕਸਤ ਕਰਦੇ ਹਨ | ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਅਜਿਹੇ ਅਮੀਰ ਸੱਭਿਆਚਾਰਕ ਅਨੁਭਵਾਂ ਨਾਲ ਜੋੜਨ ਲਈ ਵਚਨਬੱਧ ਹੈ | ਇਸ ਸਮਾਗਮ ਨੇ ਵਿਦਿਆਰਥੀਆਂ ਨੂੰ ਭਾਰਤ ਦੀ ਸੱਭਿਆਚਾਰਕ ਵਿਰਾਸਤ ਨਾਲ ਜੋੜਿਆ ਅਤੇ ਉਨ੍ਹਾਂ ਨੂੰ ਕਲਾਸੀਕਲ ਕਲਾਵਾਂ ਲਈ ਸਤਿਕਾਰ ਅਤੇ ਦਿਲਚਸਪੀ ਪੈਦਾ ਕਰਨ ਲਈ ਪ੍ਰੇਰਿਤ ਕੀਤਾ |