ਫ਼ਤਹਿਗੜ੍ਹ ਸਾਹਿਬ, 7 ਨਵੰਬਰ (ਮਨਪ੍ਰੀਤ ਸਿੰਘ)-ਹੰਸਾਲੀ ਸਾਹਿਬ ਵਿਖੇ 9 ਨਵੰਬਰ 2025 ਨੂੰ ਕਰਵਾਈ ਜਾਣ ਵਾਲੀ ਮੈਰਾਥਨ ਖੇਡ ਦੌੜ ਨਸ਼ਾ ਮੁਕਤ ਪੰਜਾਬ ਤੇ ਕੈਂਸਰ ਜਾਗਰੂਕਤਾ ਸਬੰਧੀ ਹੋਵੇਗੀ, ਜਿਸ ਵਿਚ ਦੇਸ਼ ਭਰ ਤੋਂ ਦੌੜਾਕ ਹਿੱਸਾ ਲੈਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਬਾਬਾ ਪਰਮਜੀਤ ਸਿੰਘ ਹੰਸਾਲੀ ਵਾਲਿਆਂ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਇਹ ਖੇਡਾਂ ਪੂਰੀ ਤਰ੍ਹਾਂ ਚਿੱਪ-ਟਾਈਮ, ਅੰਤਰਰਾਸ਼ਟਰੀ-ਮਿਆਰੀ ਮੈਰਾਥਨ ਹੋਣਗੀਆਂ, ਜੋ ਨਸ਼ਾ-ਮੁਕਤ ਪੰਜਾਬ ਤੇ ਕੈਂਸਰ ਜਾਗਰੂਕਤਾ ਦੇ ਨੇਕ ਉਦੇਸ਼ਾਂ ਨੂੰ ਸਮਰਪਿਤ ਹਨ | ਉਨ੍ਹਾਂ ਕਿਹਾ ਕਿ ਇਸ ਸਾਲ ਮੈਰਾਥਨ ਦਾ ਐਡੀਸ਼ਨ ਮਹਾਨ ਸ਼ਤਾਬਦੀ ਦੌੜਾਕ ਸਵ. ਫੌਜਾ ਸਿੰਘ ਦੀ ਪਿਆਰ ਭਰੀ ਯਾਦ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਪਿਛਲੀਆਂ ਹੰਸਾਲੀ ਖੇਡ ਦੌੜ ਨੂੰ ਆਪਣੀ ਪ੍ਰੇਰਨਾਦਾਇਕ ਮੌਜੂਦਗੀ ਨਾਲ ਸ਼ਿੰਗਾਰਿਆ ਸੀ ਅਤੇ ਅੱਜ ਵੀ ਦੁਨੀਆ ਭਰ ਦੇ ਦੌੜਾਕਾਂ ਲਈ ਧੀਰਜ ਤੇ ਪ੍ਰੇਰਣਾ ਦੇ ਚਾਨਣ ਮੁਨਾਰੇ ਵਜੋਂ ਕੰਮ ਕਰ ਰਹੇ ਹਨ | ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਵਾਲਿਆਂ ਨੇ ਬ੍ਰਹਮ ਗਿਆਨੀ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲਿਆਂ ਦੇ ਆਸ਼ੀਰਵਾਦ ਤੇ ਮਾਰਗ ਦਰਸ਼ਨ ਨਾਲ ਕਿਹਾ ਕਿ ਸਰੀਰਕ ਤੰਦਰੁਸਤੀ ਤੇ ਅਧਿਆਤਮਿਕ ਸ਼ੁੱਧਤਾ ਨਾਲ-ਨਾਲ ਚੱਲਦੀਆਂ ਹਨ | ਹੰਸਾਲੀ ਖੇਡਾਂ ਦੌੜ ਸਿਰਫ਼ ਇਕ ਦੌੜ ਨਹੀਂ ਹੈ, ਇਹ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਮੁਕਤ ਕਰਨ ਦੇ ਉਦੇਸ਼ ਨਾਲ ਭਰਪੂਰ ਜੀਵਨ ਵੱਲ ਤੋਰਨ ਲਈ ਇਕ ਲਹਿਰ ਹੈ | ਉਨ੍ਹਾਂ ਕਿਹਾ ਕਿ ਸਵ. ਫੌਜਾ ਸਿੰਘ ਦੀ ਯਾਦ ਵਿਚ ਅਸੀਂ ਇਸ ਦੌੜ ਦੇ ਹਰ ਕਦਮ ਨੂੰ 'ਸੇਵਾ' ਅਤੇ ਮਨੁੱਖਤਾ ਦੀ ਭਲਾਈ ਲਈ ਸਮਰਪਿਤ ਕਰਦੇ ਹਾਂ | ਇੰਡੀਆ ਰਨ ਫ਼ੈਸਟੀਵਲ ਦੀ ਨੁਮਾਇੰਦਗੀ ਕਰਦੇ ਹੋਏ, ਦੀਪ ਸ਼ੇਰਗਿੱਲ ਨੇ ਕਿਹਾ ਕਿ ਇਸ ਸਾਲ ਦੇ ਐਡੀਸ਼ਨ ਵਿਚ 4 ਹਜ਼ਾਰ ਤੋਂ ਵੱਧ ਦੌੜਾਕਾਂ ਦੇ ਭਾਗ ਲੈਣ ਦੀ ਉਮੀਦ ਹੈ | ਇੰਡੀਆ ਰਨ ਫ਼ੈਸਟੀਵਲ ਉਨ੍ਹਾਂ ਪਹਿਲ ਕਦਮੀਆਂ ਲਈ ਡੂੰਘਾਈ ਨਾਲ ਵਚਨਬੱਧ ਹੈ, ਜੋ ਵਿਸ਼ਵਾਸ, ਤੰਦਰੁਸਤੀ ਤੇ ਸਮਾਜਿਕ ਸੁਧਾਰ ਨੂੰ ਜੋੜਦੀਆਂ ਹਨ | ਅਸੀਂ ਹੰਸਾਲੀ ਖੇਡ ਦੌੜ 2025 ਲਈ ਭਾਈਚਾਰੇ ਦੇ ਉਤਸ਼ਾਹ ਤੋਂ ਨਿਮਰ ਹਾਂ ਅਤੇ ਦੇਸ਼ ਭਰ ਦੇ ਦੌੜਾਕਾਂ ਤੇ ਸਮਰਥਕਾਂ ਦਾ ਨਿੱਘਾ ਸਵਾਗਤ ਕਰਦੇ ਹਾਂ | ਉਨ੍ਹਾਂ ਅੱਗੇ ਦੱਸਿਆ ਕਿ ਬਿਬ ਐਕਸਪੋ 8 ਨਵੰਬਰ, 2025 ਨੂੰ ਆਯੋਜਿਤ ਕੀਤਾ ਜਾਵੇਗਾ, ਜਿਸ ਤੋਂ ਬਾਅਦ ਮੁੱਖ ਦੌੜ 9 ਨਵੰਬਰ ਨੂੰ ਹੋਵੇਗੀ | ਉਨ੍ਹਾਂ ਸਾਰੇ ਪ੍ਰਤੀ ਭਾਗੀਆਂ ਨੂੰ ਵੱਧ ਤੋਂ ਵੱਧ ਗਿਣਤੀ ਵਿਚ ਹਿੱਸਾ ਲੈਣ ਤੇ ਦੌੜ ਵਾਲੇ ਦਿਨ ਸਵੇਰੇ 6 ਵਜੇ ਤੱਕ ਸਥਾਨ 'ਤੇ ਰਿਪੋਰਟ ਕਰਨ ਦੀ ਅਪੀਲ ਕੀਤੀ |