ਫ਼ਤਹਿਗੜ੍ਹ ਸਾਹਿਬ, 7 ਨਵੰਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਨੌਵੇਂ ਪਾਤਸ਼ਾਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵਾਂ ਸ਼ਹੀਦੀ ਦਿਵਸ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ, ਜਿਸ ਤਹਿਤ ਜਿੱਥੇ ਵੱਖ-ਵੱਖ ਜ਼ਿਲਿਆਂ ਦੇ ਵਿਚ ਲਾਈਟ ਐਂਡ ਸਾਊਾਡ ਪ੍ਰੋਗਰਾਮ ਹੋ ਰਹੇ ਹਨ, ਉੱਥੇ ਹੀ ਪਿੰਡਾਂ ਦੇ ਵਿਚ ਕੀਰਤਨ ਦਰਬਾਰ ਵੀ ਕਰਵਾਏ ਜਾ ਰਹੇ ਹਨ, ਤਾਂ ਜੋ ਸੂਬੇ ਦੇ ਲੋਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਅਤੇ ਜੀਵਨੀ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾ ਸਕੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਪਿੰਡ ਭਗੜਾਣਾ ਵਿਖੇ ਕਰਵਾਏ, ਧਾਰਮਿਕ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਵਿਧਾਇਕ ਰਾਏ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੇ ਨਾਲ ਹੀ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਵੀ ਤਸੀਹੇ ਦਿੱਤੇ ਗਏ ਸਨ | ਲੱਖੀ ਸ਼ਾਹ ਵਣਜਾਰਾ ਅਤੇ ਭਾਈ ਜੈਤਾ ਜੀ ਵਲੋਂ ਜੋ ਬਹਾਦਰੀ ਦਿਖਾਈ ਗਈ ਹੈ, ਨੌਜਵਾਨ ਪੀੜੀ ਨੂੰ ਇਨ੍ਹਾਂ ਸੂਰਬੀਰ ਯੋਧਿਆਂ ਦੀ ਜੀਵਨੀ ਸਬੰਧੀ ਜਾਗਰੂਕ ਕਰਨਾ ਸਾਡਾ ਇੱਖ ਲਾਖੀ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੂਰੇ ਮਹੀਨੇ ਵੱਖ-ਵੱਖ ਸ਼ਹਿਰਾਂ ਦੇ ਵਿਚ ਧਾਰਮਿਕ ਸਮਾਗਮ ਕਰਵਾ ਕੇ, ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਮਨਾਈ ਜਾ ਰਹੀ ਹੈ | 23, 24 ਅਤੇ 25 ਨਵੰਬਰ ਨੂੰ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਪ੍ਰੋਗਰਾਮ ਰੱਖਿਆ ਗਿਆ ਹੈ, ਜਿਸ ਵਿਚ ਸੂਬੇ ਦੀਆਂ ਸੰਗਤਾਂ ਤੋਂ ਇਲਾਵਾ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਅਤੇ ਹੋਰ ਸ਼ਖ਼ਸੀਅਤਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ ਤੇ ਆਪ ਸਭ ਨੇ ਵੀ ਜ਼ਰੂਰ ਪਹੁੰਚਣਾ ਹੈ | ਇਸ ਮੌਕੇ ਤਹਿਸੀਲਦਾਰ ਪਰਮਜੀਤ ਸਿੰਘ ਗੁਰਾਇਆ, ਪੰਚਾਇਤ ਅਫ਼ਸਰ ਖੇੜਾ ਜਸਵਿੰਦਰ ਸਿੰਘ, ਸਰਪੰਚ ਹਰਭਜਨ ਸਿੰਘ ਲੱਕੀ ਪਿੰਡ ਭਗੜਾਣਾ, ਗੁਰਪ੍ਰੀਤ ਸਿੰਘ ਕਾਲਾ, ਕੁਲਦੀਪ ਸਿੰਘ ਵੈਦ, ਪ੍ਰਲਾਦ ਸਿੰਘ ਦਾਦੂ ਮਾਜਰਾ, ਮਨਜੀਤ ਸਿੰਘ ਸਰਪੰਚ ਦਾਦੂ ਮਾਜਰਾ, ਕੁਲਜਿੰਦਰ ਸਿੰਘ ਸਰਪੰਚ ਬੀਪੁਰ, ਹਰਿੰਦਰ ਸਿੰਘ ਬੀਪੁਰ, ਗਗਨ ਸਿੰਘ ਝਾਂਮਪੁਰ, ਇੰਦਰਜੀਤ ਸਿੰਘ ਬਰਾਸ, ਗੁਰਦਿਆਲ ਚੰਦ, ਤਰਨਜੀਤ ਸਿੰਘ ਭੂਆ ਖੇੜੀ, ਜਰਨੈਲ ਸਿੰਘ ਭੂਆ ਖੇੜੀ, ਕਾਕਾ ਸਿੰਘ ਭਗੜਾਣਾ, ਪ੍ਰਧਾਨ ਜਸਮੇਰ ਸਿੰਘ ਤੇ ਹਰਦੀਪ ਸਿੰਘ ਬਡਾਲੀ ਮਾਈਕੀ ਵੀ ਹਾਜ਼ਰ ਸਨ |