ਫ਼ਤਹਿਗੜ੍ਹ ਸਾਹਿਬ, 6 ਨਵੰਬਰ (ਰਾਜਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸੀ. ਐੱਮ. ਦੀ ਯੋਗਸ਼ਾਲਾ ਤਹਿਤ ਲੋਕ ਬਹੁਤ ਸਾਰੀਆਂ ਬਿਮਾਰੀਆਂ ਤੋਂ ਰਾਹਤ ਪਾ ਰਹੇ ਹਨ | ਯੋਗ ਕਲਾਸਾਂ ਵਿਚ ਸ਼ਾਮਿਲ ਹੋਣ ਵਾਲੇ ਲੋਕ ਆਪਣੀਆਂ ਵੱਖ-ਵੱਖ ਬਿਮਾਰੀਆਂ ਤੋਂ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ ਤੇ ਇੱਥੋਂ ਦੇ ਆਮ ਖਾਸ ਬਾਗ ਵਿਖੇ ਯੋਗਸ਼ਾਲਾ ਸੈਸ਼ਨ ਵਿਚ ਟ੍ਰੇਨਰ ਗੁਰਸ਼ਬਦ ਸਿੰਘ ਵਲੋਂ ਪ੍ਰਾਣਾਯਾਮ ਤੇ ਯੋਗ ਆਸਣਾਂ ਦੀ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਨਾਲ ਸਿੱਖਿਆਰਥੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਪਹਿਲਾਂ ਨਾਲੋਂ ਕਾਫ਼ੀ ਵਧੀਆ ਮਹਿਸੂਸ ਕਰ ਰਹੇ ਹਨ | ਯੋਗਾ ਟ੍ਰੇਨਰ ਨੇ ਦੱਸਿਆ ਕਿ ਅੱਜ ਦੇ ਸਮੇਂ ਵਿਚ ਲੋਕਾਂ ਵਿਚ ਡਿਪਰੈਸ਼ਨ, ਸਰਵਾਈਕਲ, ਗੋਡਿਆਂ ਦਾ ਦਰਦ ਆਮ ਤੌਰ 'ਤੇ ਹੋ ਰਹੇ ਹਨ | ਯੋਗ ਸੈਸ਼ਨ ਵਿਚ ਸ਼ਾਮਿਲ ਹੋਣ 'ਤੇ ਲੋਕ ਆਪਣੀਆਂ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਵਿਚ ਸਫਲ ਹੋਏ ਹਨ | ਉਨ੍ਹਾਂ ਦੱਸਿਆ ਕਿ ਦਿਨ ਦੀ ਸ਼ੁਰੂਆਤ ਯੋਗ ਨਾਲ ਕਰਨ ਉਪਰੰਤ ਸਰੀਰਕ ਹੀ ਨਹੀਂ ਸਗੋਂ ਮਾਨਸਿਕ ਤੌਰ 'ਤੇ ਵੀ ਵਧੀਆ ਹੁੰਦਾ ਹੈ | ਯੋਗ ਵਿਚ ਸ਼ਾਮਿਲ ਮਨਜੋਤ ਕੌਰ ਨੇ ਕਿਹਾ ਕਿ ਭੱਜ ਦੌੜ ਭਰੇ ਇਸ ਜੀਵਨ ਵਿਚ ਯੋਗ ਕਿਰਿਆਵਾਂ ਇਨਸਾਨ ਦੇ ਵਿਅਕਤੀਤਵ ਵਿਚ ਵੱਡਾ ਸੁਧਾਰ ਲਿਆਉਂਦੀਆਂ ਹਨ | ਡਾ. ਕਮਲ ਖੰਨਾ ਤੇ ਪ੍ਰੇਮ ਵਧਵਾ ਨੇ ਆਖਿਆ ਕਿ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਇਹ ਬਹੁਤ ਵੱਡਾ ਉਪਰਾਲਾ ਹੈ | ਇਸ ਮੌਕੇ ਸੀ. ਐੱਮ. ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਮਨਜੀਤ ਕੌਰ ਵੀ ਹਾਜ਼ਰ ਸਨ |