12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਚਨਾਰਥਲ ਕਲਾਂ ਦੇ ਇਕ ਨੌਜਵਾਨ ਨੇ ਆਪਣੇ ਪਿਤਾ ਦਾ ਕੀਤਾ ਕਤਲ

ਚਨਾਰਥਲ ਕਲਾਂ ਕਤਲ ਮਾਮਲੇ ਸੰਬੰਧੀ ਸਹਾਇਕ ਥਾਣੇਦਾਰ ਜਗਜੀਤ ਸਿੰਘ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ | ਤਸਵੀਰ: ਕਰਨ <br/> 04-11-2025
ਜਖਵਾਲੀ, 3 ਨਵੰਬਰ (ਨਿਰਭੈ ਸਿੰਘ)-ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਅਧੀਨ ਪੈਂਦੇ ਪਿੰਡ ਚਨਾਰਥਲ ਕਲਾਂ ਵਿਖੇ ਇਕ ਨੌਜਵਾਨ ਵਲੋਂ ਆਪਣੇ ਦੋਸਤਾਂ ਨਾਲ ਮਿਲ ਕੇ ਆਪਣੇ ਪਿਤਾ ਦਾ ਕਤਲ ਕਰਕੇ ਲਾਸ਼ ਨੂੰ ਨਹਿਰ ਵਿਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਥਾਣਾ ਮੂਲੇਪੁਰ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਬਾਰੀਕੀ ਨਾਲ ਜਾਂਚ ਅਰੰਭ ਕਰ ਦਿੱਤੀ ਹੈ | ਮਾਮਲੇ ਸਬੰਧੀ ਡੀ. ਐੱਸ. ਪੀ. ਕੁਲਬੀਰ ਸਿੰਘ ਨੇ ਦੱਸਿਆ ਕਿ ਥਾਣਾ ਮੂਲੇਪੁਰ ਦੇ ਸਹਾਇਕ ਥਾਣੇਦਾਰ ਜਗਜੀਤ ਸਿੰਘ ਅਨੁਸਾਰ ਮਿ੍ਤਕ ਦੀ ਧੀ ਜਸਵਿੰਦਰ ਕੌਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਖੰਨਾ ਵਿਖੇ ਆਪਣੇ ਸਹੁਰੇ ਪਰਿਵਾਰ ਨਾਲ ਰਹਿੰਦੀ ਹੈ ਜਦ ਕਿ ਉਸ ਦੇ ਪਿਤਾ ਸੁਖਜਿੰਦਰ ਸਿੰਘ ਜੋ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁਲਾਜ਼ਮ ਹਨ, ਉਸ ਦੇ ਵੱਡੇ ਭਰਾ ਰਵਿੰਦਰ ਸਿੰਘ ਦੇ ਨਾਲ ਆਪਣੇ ਘਰ ਪਿੰਡ ਚਨਾਰਥਲ ਕਲਾਂ ਵਿਖੇ ਰਹਿੰਦੇ ਹਨ | ਉਸ ਦਾ ਵੱਡਾ ਭਰਾ ਰਵਿੰਦਰ ਸਿੰਘ ਕੋਈ ਕੰਮਕਾਰ ਨਹੀਂ ਕਰਦਾ ਸੀ, ਜਿਸ ਕਾਰਨ ਕਰੀਬ ਦੋ ਮਹੀਨੇ ਪਹਿਲਾਂ ਘਰ ਵਿਚ ਪਤੀ ਅਤੇ ਸਹੁਰੇ ਨਾਲ ਹੋਈ ਮਾਮੂਲੀ ਤਕਰਾਰ ਉਪਰੰਤ ਰਵਿੰਦਰ ਸਿੰਘ ਦੀ ਪਤਨੀ ਨਾਰਾਜ਼ ਹੋ ਕੇ ਆਪਣੇ ਪੇਕੇ ਘਰ ਚਲੀ ਗਈ, ਜਿਸ ਸਬੰਧੀ ਰਵਿੰਦਰ ਸਿੰਘ ਨੂੰ ਸ਼ੱਕ ਸੀ ਕਿ ਉਸ ਦੇ ਪਿਤਾ ਸੁਖਜਿੰਦਰ ਸਿੰਘ ਚਰਿੱਤਰਹੀਣ ਹਨ ਤਾਂ ਹੀ ਉਸ ਦੀ ਪਤਨੀ ਆਪਣੇ ਸਹੁਰੇ ਘਰ ਨਹੀਂ ਰਹਿੰਦੀ | ਜਸਵਿੰਦਰ ਕੌਰ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ 27 ਅਕਤੂਬਰ ਤੋਂ ਉਸ ਦੇ ਪਿਤਾ ਲਾਪਤਾ ਚੱਲੇ ਆ ਰਹੇ ਸਨ, ਜਿਨ੍ਹਾਂ ਦੀ ਲਾਸ਼ ਗ਼ੋਤੇਖ਼ੋਰਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਪਿੰਡ ਧਨੇਠਾ ਨਜ਼ਦੀਕ ਭਾਖੜਾ ਨਹਿਰ 'ਚ ਤੈਰਦੀ ਮਿਲੀ ਹੈ, ਜਿਸ ਦੇ ਮੂੰਹ ਤੇ ਸਿਰ 'ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ | ਜਸਵਿੰਦਰ ਕੌਰ ਨੇ ਦੋਸ਼ ਲਗਾਏ ਕਿ ਉਸ ਦੇ ਪਿਤਾ ਉਸ ਦੇ ਭਰਾ ਰਵਿੰਦਰ ਸਿੰਘ ਨੂੰ ਟੋਕਦੇ ਰਹਿੰਦੇ ਸਨ ਕਿ ਉਹ ਸ਼ਾਦੀਸ਼ੁਦਾ ਹੈ ਤੇ ਇਕ ਬੱਚੇ ਦਾ ਪਿਤਾ ਹੈ, ਇਸ ਲਈ ਉਹ ਮੁੰਡਿਆਂ ਨਾਲ ਵਿਹਲਾ ਘੁੰਮਣ ਦੀ ਬਜਾਏ ਘਰ ਦੀ ਜ਼ਿੰਮੇਵਾਰੀ ਸਮਝੇ ਤੇ ਕੋਈ ਕੰਮ ਕਾਰ ਕਰੇ, ਪਰ ਉਸ ਦਾ ਭਰਾ ਰਵਿੰਦਰ ਸਿੰਘ ਆਪਣੇ ਪਿਤਾ ਦੀਆਂ ਗੱਲਾਂ ਦਾ ਬੁਰਾ ਮਨਾਉਂਦਾ ਸੀ ਜਿਸ ਨੇ ਆਪਣੇ ਨਾਮਾਲੂਮ ਸਾਥੀਆਂ ਨਾਲ ਮਿਲ ਕੇ ਪਹਿਲਾਂ ਆਪਣੇ ਪਿਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਅਤੇ ਫਿਰ ਇਸ ਕਤਲ ਦੀ ਵਾਰਦਾਤ 'ਤੇ ਪਰਦਾ ਪਾਉਣ ਲਈ ਆਪਣੇ ਪਿਤਾ ਦੀ ਲਾਸ਼ ਨੂੰ ਭਾਖੜਾ ਨਹਿਰ ਵਿਚ ਸੁੱਟ ਦਿੱਤਾ | ਥਾਣਾ ਮੂਲੇਪੁਰ ਦੀ ਪੁਲਿਸ ਨੇ ਜਸਵਿੰਦਰ ਕੌਰ ਦੇ ਬਿਆਨਾਂ 'ਤੇ ਰਵਿੰਦਰ ਸਿੰਘ ਵਾਸੀ ਪਿੰਡ ਚਨਾਰਥਲ ਕਲਾਂ ਅਤੇ ਨਾਮਾਲੂਮ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਬਾਰੀਕੀ ਨਾਲ ਤਫ਼ਤੀਸ਼ ਅਰੰਭ ਕਰ ਦਿੱਤੀ ਹੈ |
ਪਿਛਲੀ ਖ਼ਬਰ ਗਰਾਮ ਨਿਆਲਿਆ ਖੋਲ੍ਹੇ ਜਾਣ ਦੇ ਵਿਰੋਧ 'ਚ ਵਕੀਲਾਂ ਨੇ ਅਦਾਲਤੀ ਕੰਮਕਾਜ ਠੱਪ ਕਰ ਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਨਸ਼ੀਲੇ ਕੈਪਸੂਲਾਂ ਸਮੇਤ ਦੋ ਕਾਬੂ, ਪਰਚਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।