29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸਧਾਰਨ ਜੀਵਨ ਸ਼ੈਲੀ ਸਿਹਤਮੰਦ ਜੀਵਨ ਦੀ ਕੁੰਜੀ-ਡਾ. ਗੁੰਜਨ ਮਿਸ਼ਰਾ

ਅਜੀਤ ਡੈਸਕ 22-07-2025
ਅਮਲੋਹ, 21 ਜੁਲਾਈ (ਹਰਪ੍ਰੀਤ ਸਿੰਘ ਗਿੱਲ)-ਅਜੋਕੇ ਸਮੇਂ ਵਿਚ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਹੇ ਹਵਾ ਪਾਣੀ ਅਤੇ ਖਾਦ-ਪਦਾਰਥਾਂ ਕਾਰਨ ਰਿਸ਼ਟ-ਪੁਸ਼ਟ ਤੇ ਨਿਰੋਗ ਜੀਵਨ ਜਿਊਣਾ ਇਕ ਵੱਡਾ ਚੈਲੇਂਜ ਬਣ ਗਿਆ ਹੈ, ਜਿਸ ਕਾਰਨ ਸਾਨੂੰ ਬੌਧਿਕ ਤੇ ਸਰੀਰਕ ਤੰਦਰੁਸਤੀ ਲਈ ਜੀਵਨ ਜਿਊਣ ਦੇ ਢੰਗ ਤਰੀਕਿਆਂ ਨੂੰ ਵਿਧੀਵਤ ਕਰਨਾ ਪਵੇਗਾ | ਇਹ ਵਿਚਾਰ ਡਾ. ਗੁੰਜਨ ਮਿਸ਼ਰਾ ਅਰੋਗਿਆ ਆਯੁਰਵੈਦਿਕ ਫਾਰਮੇਸੀ ਪਟਿਆਲਾ ਨੇ ਅੱਜ ਸਥਾਨਕ ਸ਼ੁਕਲਾ ਹਸਪਤਾਲ ਵਿਚ ਸਿਹਤ ਸਬੰਧੀ ਚੇਤਨਤਾ ਪੈਦਾ ਕਰਨ ਲਈ ਲਗਾਏ ਕੈਂਪ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਵਰਨਣਯੋਗ ਹੈ ਕਿ ਇਸ ਕੈਂਪ ਦਾ ਸਲੋਗਨ ਸੀ 'ਇਲਾਜ ਨਾਲੋਂ ਪਰਹੇਜ਼ ਚੰਗਾ' | ਡਾ. ਮਿਸ਼ਰਾ ਨੇ ਦੱਸਿਆ ਕਿ ਅੱਜ ਵੀ ਉਨ੍ਹਾਂ ਕੋਲ ਅਨੇਕਾਂ ਅਜਿਹੇ ਬਜ਼ੁਰਗ ਆਉਂਦੇ ਹਨ, ਜਿਨ੍ਹਾਂ ਨੂੰ ਨੌਜਵਾਨਾਂ ਨਾਲੋਂ ਕਿਤੇ ਘੱਟ ਤਕਲੀਫ਼ਾਂ ਹੁੰਦੀਆਂ ਹਨ | ਜਦੋਂ ਉਹ ਉਨ੍ਹਾਂ ਬਜ਼ੁਰਗਾਂ ਦੀ ਜੀਵਨ ਸ਼ੈਲੀ ਬਾਰੇ ਉਨ੍ਹਾਂ ਨਾਲ ਗੱਲ ਕਰਦੇ ਹਨ ਤਾਂ ਜੋ ਸਾਫ਼ ਤੌਰ 'ਤੇ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਉਹ ਸਧਾਰਣ ਅਤੇ ਘਰੇਲੂ ਖ਼ੁਰਾਕ ਖਾਣਾ, ਨਿਯਮਤ ਹੱਥੀਂ ਕੰਮ ਕਰਨਾ ਅਤੇ ਅਧਿਆਤਮਿਕਤਾ ਨਾਲ ਜੁੜੇ ਹੋਣਾ ਹੈ |
ਡਾ. ਮਿਸ਼ਰਾ ਨੇ ਕਿਹਾ ਕਿ ਫਾਸਟ ਫੂਡ, ਤਲਿਆ ਹੋਇਆ ਭੋਜਨ ਅਤੇ ਵਧੇਰੇ ਮਾਨਸਿਕ ਦਬਾਅ ਵਾਲੀ ਜੀਵਨ ਸ਼ੈਲੀ ਨੇ ਲੋਕਾਂ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈ ਜਿਸ ਦੇ ਚੱਲਦਿਆਂ ਖ਼ਾਸ ਕਰਕੇ ਨੌਜਵਾਨ ਤੇ ਬੱਚੇ ਤੇਜ਼ੀ ਨਾਲ ਨਜ਼ਰ ਨਾ ਆਉਣ ਵਾਲੀਆਂ ਅਲਾਮਤਾਂ 'ਚ ਘਿਰ ਰਹੇ ਹਨ | ਇਸ ਮੌਕੇ ਡਾ. ਰਘਵੀਰ ਸ਼ੁਕਲਾ ਨੇ ਕਿਹਾ ਕਿ ਅਜੋਕੇ ਹਾਲਾਤਾਂ 'ਚ ਸਾਨੂੰ ਤੰਦਰੁਸਤ ਜੀਵਨ ਜਿਊਣ ਲਈ 'ਫੂਡ ਐਜ਼ ਮੈਡੀਸਨ' ਦੀ ਧਾਰਨਾ 'ਤੇ ਕੰਮ ਕਰਨਾ ਪਵੇਗਾ | ਉਨ੍ਹਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ਼ ਉਹੀ ਫਲ ਅਤੇ ਸਬਜ਼ੀਆਂ ਖਾਣ ਜੋ ਉਨ੍ਹਾਂ ਦੇ ਸਥਾਨਕ ਖੇਤਰ ਵਿਚ ਉੱਗਦੀਆਂ ਹਨ | ਉਨ੍ਹਾਂ ਕਿਹਾ ਕਿ ਕੁਦਰਤ ਹਰ ਖ਼ਿੱਤੇ ਵਿਚ ਉਸ ਦੇ ਲੋਕਾਂ ਲਈ ਜਿਹੜੀ ਖ਼ੁਰਾਕ ਲੋੜੀਂਦੀ ਹੈ, ਉਹੀ ਉੱਥੇ ਉਗਾਉਂਦੀ ਹੈ ਪਰ ਅਜੋਕੇ ਸਮੇਂ ਵਿਚ ਅਸੀਂ ਆਪਣੇ ਸਵਾਦ ਲਈ ਬੇਮੌਸਮੀਆਂ ਸਬਜ਼ੀਆਂ ਤੇ ਵਿਦੇਸ਼ੀ ਫਲਾਂ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ ਹੈ, ਜੋ ਬਹੁਤ ਗ਼ਲਤ ਰੁਝਾਨ ਹੈ, ਕਿਉਂਕਿ ਅੰਨੇ੍ਹਵਾਹ ਰਸਾਇਣਾ ਦੀ ਵਰਤੋਂ ਕਰਕੇ ਪੈਦਾ ਕੀਤੇ ਇਹ ਖਾਧ ਪਦਾਰਥ ਨਾ ਸਿਰਫ਼ ਇਮਿਊਨ ਸਿਸਟਮ ਨੂੰ ਨੁਕਸਾਨ ਪਹੁੰਚਾਉਂਦੇ ਹਨ ਸਗੋਂ ਸਰੀਰ ਵਿਚ ਹਾਰਮੋਨਜ ਵਿਚ ਬਦਲਾਅ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਪੈਦਾ ਕਰਦੇ ਹਨ |
ਪਿਛਲੀ ਖ਼ਬਰ ਬਸੀ ਪਠਾਣਾਂ ਪੁਲਿਸ ਵਲੋਂ ਅਫ਼ੀਮ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਸਕੂਲ ਲੱਗਣ ਤੇ ਛੁੱਟੀ ਸਮੇਂ ਸੜਕਾਂ 'ਤੇ ਚਲਦੇ ਟਿੱਪਰਾਂ ਨੂੰ ਬੰਦ ਕਰਨ ਸੰਬੰਧੀ ਡੀ. ਸੀ. ਨੂੰ ਦਿੱਤਾ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।