ਜਖਵਾਲੀ, 21 ਜੁਲਾਈ (ਨਿਰਭੈ ਸਿੰਘ)-ਪੰਜਾਬ ਸਰਕਾਰ ਆਪਣੀਆਂ ਨੇਕ ਨੀਤੀਆਂ ਕਾਰਨ ਅਤੇ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਪਿੰਡ ਬਹਿਲੋਲਪੁਰ ਵਿਖੇ ਕਰੀਬ 9 ਲੱਖ ਰੁਪਏ ਦੀ ਲਾਗਤ ਨਾਲ ਨਵੇਂ ਬਣੇ ਆਂਗਣਵਾੜੀ ਸੈਂਟਰ ਦਾ ਉਦਘਾਟਨ ਕਰਨ ਮੌਕੇ ਕੀਤਾ | ਵਿਧਾਇਕ ਰਾਏ ਨੇ ਕਿਹਾ ਕਿ ਵਿਕਾਸ ਦੀ ਇਸੇ ਲੜੀ ਤਹਿਤ ਬਲਾਕ ਸਰਹਿੰਦ ਦੇ ਹੋਰ ਆਂਗਣਵਾੜੀ ਸੈਂਟਰਾਂ ਦਾ ਵੀ ਨਿਰਮਾਣ ਕੀਤਾ ਜਾਵੇਗਾ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸਮੂਹ ਆਂਗਣਵਾੜੀ ਸੈਂਟਰਾਂ ਦੀ ਨੁਹਾਰ ਬਦਲੀ ਜਾਏਗੀ | ਇਸ ਤੋਂ ਪਹਿਲਾਂ ਪਿੰਡ ਸਿੱਧੂਪੁਰ ਅਤੇ ਹੁਸੈਨਪੁਰਾ ਵਿਖੇ ਨਵੇਂ ਆਂਗਣਵਾੜੀ ਸੈਂਟਰਾਂ ਨੂੰ ਵਿਭਾਗ ਨੂੰ ਸੌਂਪਿਆ ਜਾ ਚੁੱਕਿਆ ਹੈ | ਸੀ.ਡੀ.ਪੀ.ਓ. ਸਰਹਿੰਦ ਵਲੋਂ ਵਿਧਾਇਕ ਰਾਏ ਫ਼ਤਹਿਗੜ੍ਹ ਸਾਹਿਬ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਬੀ.ਡੀ.ਪੀ.ਓ. ਸਰਹਿੰਦ ਅਤੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੇ ਸਾਂਝੇ ਯਤਨਾਂ ਦੇ ਨਾਲ ਇਸ ਆਂਗਣਵਾੜੀ ਸੈਂਟਰ ਦਾ ਨਿਰਮਾਣ ਹੋਇਆ ਹੈ | ਇਸ ਮੌਕੇ ਸੀ.ਡੀ.ਪੀ.ਓ. ਸਰਹਿੰਦ ਕੋਮਲਪ੍ਰੀਤ ਕੌਰ, ਬੀ.ਡੀ.ਪੀ.ਓ. ਦਫ਼ਤਰ ਦੇ ਕਰਮਚਾਰੀ, ਸੁਪਰਵਾਈਜ਼ਰ ਬਲਰਾਜ ਕੌਰ, ਪਿੰਡ ਬਹਿਲੋਲਪੁਰ ਦੇ ਸਰਪੰਚ ਸਿਕੰਦਰ ਸਿੰਘ, ਪੰਚਾਇਤ ਮੈਂਬਰ, ਨੇੜਲੇ ਪਿੰਡਾਂ ਤੋਂ ਹੋਰ ਸਰਪੰਚ, ਆਂਗਣਵਾੜੀ ਵਰਕਰ ਅਤੇ ਸਕੂਲ ਅਧਿਆਪਕ ਵੀ ਹਾਜ਼ਰ ਸਨ |