ਫ਼ਤਹਿਗੜ੍ਹ ਸਾਹਿਬ, 19 ਜੁਲਾਈ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਇਦਾਦ ਟੈਕਸ ਭਰਨ ਸੰਬੰਧੀ ਕਰਦਾਤਾਵਾਂ ਦੀ ਸਹੂਲਤ ਲਈ ਸ਼ੁਰੂ ਕੀਤੀ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਅੱਜ ਨਗਰ ਕੌਂਸਲ ਨੂੰ ਜਾਇਦਾਦ ਟੈਕਸ ਦੇ ਰੂਪ 'ਚ 4.41 ਲੱਖ ਰੁਪਏ ਦੀ ਆਮਦਨ ਪ੍ਰਾਪਤ ਹੋਈ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੀ ਹਦੂਦ ਦੇ ਵਸਨੀਕ ਆਪਣਾ ਜਾਇਦਾਦ ਟੈਕਸ 31 ਜੁਲਾਈ 2025 ਤੱਕ ਸਰਕਾਰ ਦੀ ਵਨ ਟਾਈਮ ਸੈਟਲਮੈਂਟ ਸਕੀਮ ਤਹਿਤ ਬਿਨਾਂ ਕਿਸੇ ਜੁਰਮਾਨੇ ਜਾਂ ਵਿਆਜ ਤੋਂ ਜਮ੍ਹਾ ਕਰਵਾ ਸਕਦੇ ਹਨ | ਉਨ੍ਹਾਂ ਨੇ ਕਰਦਾਵਾਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜਾਇਦਾਦ ਸਬੰਧੀ ਰਹਿੰਦੇ ਬਕਾਇਆ ਟੈਕਸ ਨਗਰ ਕੌਂਸਲ ਦੀ ਜਾਇਦਾਦ ਸ਼ਾਖਾ ਵਿਚ ਜਮ੍ਹਾਂ ਕਰਵਾ ਕੇ ਇਸ ਸਕੀਮ ਦਾ ਲਾਭ ਉਠਾਉਣ | ਉਨ੍ਹਾਂ ਦੱਸਿਆ ਕਿ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਨਗਰ ਕੌਂਸਲ ਦੀ ਜਾਇਦਾਦ ਸ਼ਾਖਾ ਆਮ ਦਿਨਾਂ ਵਾਂਗ ਸ਼ਨੀਵਾਰ-ਐਤਵਾਰ ਨੂੰ ਵੀ ਖੁੱਲ੍ਹੀ ਰਹੇਗੀ | ਇਸ ਮੌਕੇ 'ਤੇ ਇੰਸਪੈਕਟਰ ਸਤਪਾਲ, ਇੰਸਪੈਕਟਰ ਰਾਜੀਵ ਕੁਮਾਰ, ਜੂਨੀਅਰ ਸਹਾਇਕ ਇੰਦਰਜੀਤ ਢੰਡ ਅਤੇ ਸਮੂਹ ਸਟਾਫ਼ ਹਾਜ਼ਰ ਸੀ |