ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਮਨਪ੍ਰੀਤ ਸਿੰਘ)-ਰਿਮਟ ਯੂਨੀਵਰਸਿਟੀ ਦੇ ਸਕੂਲ ਆਫ਼ ਐਜੂਕੇਸ਼ਨ ਅਤੇ ਇੰਟਰਨਲ ਕੁਆਲਿਟੀ ਅਸ਼ੋਰੈਂਸ ਸੈੱਲ ਦੀ ਸਾਂਝੀ ਅਗਵਾਈ ਹੇਠ 'ਸਿੱਖਿਅਕਾਂ ਨੂੰ ਸਸ਼ਕਤ ਬਣਾਉਣਾ, ਸਿੱਖਿਆ ਸ਼ਾਸਤਰ ਅਤੇ ਅਭਿਆਸਾਂ ਨੂੰ ਉੱਚ ਸਿੱਖਿਆ ਵਿਚ ਬਦਲਣਾ' ਵਿਸ਼ੇ 'ਤੇ ਛੇ ਰੋਜ਼ਾ ਫੈਕਲਟੀ ਵਿਕਾਸ ਪ੍ਰੋਗਰਾਮ ਸ਼ੁਰੂ ਹੋਇਆ, ਜਿਸ ਦੇ ਉਦਘਾਟਨ ਮੌਕੇ ਯੂਨੀਵਰਸਿਟੀ ਦੇ ਪ੍ਰੋ. ਚਾਂਸਲਰ (ਅਕਾਦਮਿਕ) ਡਾ: ਬੀ.ਐਸ. ਭਾਟੀਆ, ਪ੍ਰੋ. ਵਾਈਸ ਚਾਂਸਲਰ ਡਾ: ਸੀ.ਐਸ. ਸ਼ਰਮਾ ਅਤੇ ਡੀਨ ਅਕਾਦਮਿਕ ਡਾ. ਜੀਵਨਾਨੰਦ ਮਿਸ਼ਰਾ ਆਦਿ ਮੌਜੂਦ ਸਨ | ਇਸ ਪ੍ਰੋਗਰਾਮ ਵਿਚ ਵੱਖ-ਵੱਖ ਵਿਭਾਗਾਂ ਦੇ ਮੁਖੀ, ਪ੍ਰੋਫੈਸਰ ਅਤੇ ਸਹਾਇਕ ਪ੍ਰੋਫੈਸਰਾਂ ਸਮੇਤ 45 ਦੇ ਕਰੀਬ ਭਾਗੀਦਾਰਾਂ ਨੇ ਹਿੱਸਾ ਲਿਆ | ਸਕੂਲ ਆਫ਼ ਐਜੂਕੇਸ਼ਨ ਵਿਭਾਗ ਦੇ ਮੁਖੀ ਨੇ ਭਾਗੀਦਾਰਾਂ ਅਤੇ ਸਰੋਤ ਵਿਅਕਤੀਆਂ ਦਾ ਰਸਮੀ ਸਵਾਗਤ ਕੀਤਾ | ਆਈ.ਕਿਊ.ਏ.ਸੀ ਦੇ ਡਾਇਰੈਕਟਰ ਅਤੇ ਸਕੂਲ ਆਫ਼ ਇੰਜੀਨੀਅਰਿੰਗ ਦੇ ਡੀਨ ਨੇ 'ਨਤੀਜਾ ਅਧਾਰਤ ਸਿੱਖਿਆ' ਵਿਸ਼ੇ 'ਤੇ ਵਿਚਾਰ ਸਾਂਝੇ ਕੀਤੇ | ਪ੍ਰੋਗਰਾਮ ਦੌਰਾਨ ਅਗਲੇ ਸੈਸ਼ਨਾਂ ਵਿਚ ਸਕੂਲ ਆਫ਼ ਐਜੂਕੇਸ਼ਨ, ਸੋਸ਼ਲ ਸਾਇੰਸਜ਼ ਅਤੇ ਲੈਂਗੂਏਜ ਦੇ ਡੀਨ 'ਬਲੂਮਜ਼ ਟੈਕਸੋਨੋਮੀ' 'ਤੇ ਇਕ ਵਿਸਤਰਿਤ ਭਾਸ਼ਣ ਦੇਣਗੇ | ਇਸ ਦੇ ਨਾਲ ਹੀ ਸਕੂਲ ਆਫ਼ ਕੰਪਿਊਟਰ ਐਪਲੀਕੇਸ਼ਨਜ਼ ਦੇ ਡੀਨ 'ਏਆਈ ਟੂਲਜ਼ ਦੇ ਈ-ਅਸੈਸਮੈਂਟ ਐਪਲੀਕੇਸ਼ਨਜ਼' ਵਿਸ਼ੇ 'ਤੇ ਜਾਣਕਾਰੀ ਸਾਂਝੀ ਕਰਨਗੇ | ਪ੍ਰੀਖਿਆਵਾਂ ਦੇ ਕੰਟਰੋਲਰ ਭਾਗੀਦਾਰਾਂ ਨੂੰ 'ਰਿਮਟ ਯੂਨੀਵਰਸਿਟੀ ਦੀ ਮੌਜੂਦਾ ਪ੍ਰੀਖਿਆ ਪ੍ਰਣਾਲੀ ਅਤੇ ਈ.ਆਰ.ਪੀ ਦੀ ਉਪਯੋਗਤਾ' ਬਾਰੇ ਜਾਣਕਾਰੀ ਦੇਣਗੇ | ਇਸ ਮੌਕੇ ਸਕੂਲ ਆਫ਼ ਐਜੂਕੇਸ਼ਨ ਦੇ ਫੈਕਲਟੀ ਮੈਂਬਰ ਵੀ ਮੌਜੂਦ ਸਨ |