ਫ਼ਤਹਿਗੜ੍ਹ ਸਾਹਿਬ, 17 ਜੁਲਾਈ (ਮਨਪ੍ਰੀਤ ਸਿੰਘ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਦੀ ਅਗਵਾਈ ਹੇਠ 'ਨੈਸ਼ਨਲ ਪ੍ਰੋਗਰਾਮ ਫ਼ਾਰ ਕੰਟਰੋਲ ਆਫ਼ ਬਲਾਈਡਨੈਸ' ਤਹਿਤ ਸਕੂਲੀ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਨਿਗ੍ਹਾ ਦੀ ਜਾਂਚ ਕਰਨ ਸਬੰਧੀ ਇਕ ਰੋਜ਼ਾ ਸਿਖਲਾਈ ਦਿੱਤੀ ਗਈ | ਜਾਣਕਾਰੀ ਦਿੰਦਿਆਂ ਡਾ.ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਟਰੇਨਿੰਗ ਦਾ ਮੁੱਖ ਮੰਤਵ ਅਧਿਆਪਕਾਂ ਨੂੰ ਇਹ ਯੋਗਤਾ ਦੇਣਾ ਹੈ ਕਿ ਉਹ ਵਿਦਿਆਰਥੀਆਂ ਵਿਚ ਅੱਖਾਂ ਦੀਆਂ ਸ਼ੁਰੂਆਤੀ ਸਮੱਸਿਆਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਸਮੇਂ ਸਿਰ ਇਲਾਜ ਲਈ ਜਾਣਕਾਰੀ ਦੇ ਸਕਣ | ਇਸ ਸਿਖਲਾਈ ਦੌਰਾਨ ਅਧਿਆਪਕਾਂ ਨੂੰ ਅੱਖਾਂ ਦੀਆਂ ਆਮ ਬਿਮਾਰੀਆਂ, ਉਨ੍ਹਾਂ ਦੇ ਲੱਛਣ, ਸਕਰੀਨਿੰਗ ਦੀ ਵਿਧੀ ਅਤੇ ਅਗਲੇ ਕਦਮਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਸਿਖਲਾਈ ਦਿੱਤੀ ਗਈ ਤਾਂ ਕਿ ਉਹ ਬੱਚਿਆਂ ਵਿਚ ਅੱਖਾਂ ਦੀਆਂ ਸਮੱਸਿਆਵਾਂ ਸਬੰਧੀ ਸ਼ੁਰੂਆਤੀ ਲੱਛਣਾਂ ਦੀ ਪਛਾਣ ਕਰਕੇ ਸਮੇਂ ਸਿਰ ਸਹੀ ਥਾਂ ਤੋਂ ਉਸ ਦਾ ਇਲਾਜ ਕਰਵਾ ਸਕਣ | ਸਿਵਲ ਸਰਜਨ ਨੇ ਦੱਸਿਆ ਕਿ ਬੱਚਿਆਂ ਦੀ ਦਿ੍ਸ਼ਟੀ ਸਿਹਤ ਉਨ੍ਹਾਂ ਦੇ ਅਕਾਦਮਿਕ ਵਿਕਾਸ ਅਤੇ ਜੀਵਨ ਗੁਣਵੱਤਾ ਨਾਲ ਜੁੜੀ ਹੋਈ ਹੈ, ਇਸ ਲਈ ਇਹ ਸਿਖਲਾਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਜ਼ਿਲ੍ਹਾ ਪੱਧਰ 'ਤੇ ਅਜਿਹੇ ਹੋਰ ਸੈਸ਼ਨ ਆਯੋਜਿਤ ਕੀਤੇ ਜਾਣਗੇ | ਸਿਖਲਾਈ ਦੌਰਾਨ ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਰਿਤਾ ਨੇ ਕਿਹਾ ਕਿ ਵਿਭਾਗ ਦੀ ਇਹ ਕੋਸ਼ਿਸ਼ ਨੌਜਵਾਨ ਪੀੜ੍ਹੀ ਵਿਚ ਦਿ੍ਸ਼ਟੀ ਸਬੰਧੀ ਸਮੱਸਿਆਵਾਂ ਦੀ ਰੋਕਥਾਮ ਅਤੇ ਸਿਹਤ ਸੰਭਾਲ ਨੂੰ ਬਹਾਲ ਕਰਨ ਲਈ ਇਕ ਉਮੀਦ ਜਨਕ ਸ਼ੁਰੂਆਤ ਸਾਬਿਤ ਹੋ ਰਹੀ ਹੈ | ਅਪਥਾਲਮਿਕ ਅਫ਼ਸਰ ਪਰਦੀਪ ਸਿੰਘ ਅਤੇ ਜੋਤੀ ਵਿੱਜ ਵਲੋਂ ਅਧਿਆਪਕਾਂ ਨੂੰ ਪ੍ਰਯੋਗਿਕ ਤਰੀਕੇ ਰਾਹੀਂ ਅੱਖਾਂ ਦੀ ਜਾਂਚ ਕਰਨੀ ਸਿਖਾਈ ਗਈ ਅਤੇ ਉਨ੍ਹਾਂ ਨੂੰ ਅੱਖਾਂ ਦੀਆਂ ਹੋਰ ਸਮੱਸਿਆਵਾਂ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ |