ਖਮਾਣੋਂ, 17 ਜੁਲਾਈ (ਜੋਗਿੰਦਰ ਪਾਲ)-ਕਾਂਗਰਸੀ ਆਗੂ ਡਾ.ਨਰੇਸ਼ ਚੌਹਾਨ ਸਾਬਕਾ ਐਸ.ਐਮ.ਓ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਉਸ ਫ਼ੈਸਲੇ ਦੀ ਸ਼ਲਾਘਾ ਕੀਤੀ ਹੈ ਜਿਸ ਵਿਚ ਹਾਈਕੋਰਟ ਨੇ ਕਰਨਲ ਪੁਸ਼ਪਿੰਦਰ ਸਿੰਘ ਬਾਠ 'ਤੇ ਹੋਏ ਹਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਦਿੱਤੀ ਹੈ | ਉਨ੍ਹਾਂ ਕਿਹਾ ਕਿ ਕੋਰਟ ਵਲੋਂ ਇਹ ਫ਼ੈਸਲਾ ਚੰਡੀਗੜ੍ਹ ਪੁਲਿਸ ਵਲੋਂ ਕੀਤੀ ਜਾ ਰਹੀ ਜਾਂਚ ਵਿਚ ਲਾਪ੍ਰਵਾਹੀ ਦਿਖਾਈ ਦੇਣ ਤੋਂ ਬਾਅਦ ਲਿਆ ਹੈ ਅਤੇ ਹਾਈਕੋਰਟ ਦਾ ਇਹ ਫ਼ੈਸਲਾ ਪਰਿਵਾਰ ਨੂੰ ਰਾਹਤ ਦੇਣ ਵਾਲਾ ਹੈ | ਵਰਨਣਯੋਗ ਹੈ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਟਿਆਲਾ ਵਿਚ ਕੁਝ ਮਹੀਨੇ ਪਹਿਲਾਂ ਪੁਲਿਸ ਵਲੋਂ ਮਾਰ ਕੁਟਾਈ ਕੀਤੀ ਗਈ ਸੀ, ਪਰ ਉਸ ਤੋਂ ਬਾਅਦ ਚਾਰ ਦਿਨ ਤੱਕ ਕੋਈ ਐਫ.ਆਰ.ਈ ਦਰਜ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਇਸ ਕਾਰਨ ਪਰਿਵਾਰ ਨੂੰ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਅਖ਼ਤਿਆਰ ਕਰਨਾ ਪਿਆ | ਡਾ.ਚੌਹਾਨ ਨੇ ਕਿਹਾ ਕਿ ਇਹ ਬੜੀ ਦੁੱਖ ਦੀ ਗੱਲ ਹੈ ਕਿ ਕਰਨਲ ਬਾਠ ਫ਼ੌਜ ਵਿਚ ਆਪਣੀਆਂ ਸੇਵਾਵਾਂ ਦੇ ਰਹੇ ਹਨ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਕੋਰਟ ਦੇ ਇਸ ਫ਼ੈਸਲੇ ਨਾਲ ਦੋਸ਼ੀਆਂ ਨੂੰ ਬਣਦੀ ਸਜ਼ਾ ਮਿਲੇਗੀ |