ਫ਼ਤਹਿਗੜ੍ਹ ਸਾਹਿਬ, 16 ਜੁਲਾਈ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਦੇ ਵਾਰਡ ਨੰਬਰ 22-23 ਪਿੰਡ ਤਲਾਣੀਆਂ ਦੇ ਵਸਨੀਕਾਂ ਵਲੋਂ ਸੀਵਰੇਜ ਜਾਮ ਦੀ ਸਮੱਸਿਆ, ਸਟਰੀਟ ਲਾਈਟਾਂ ਚਾਲੂ ਨਾ ਹੋਣ ਸਮੇਤ ਹੋਰਨਾਂ ਗੰਭੀਰ ਸਮੱਸਿਆਵਾਂ ਨੂੰ ਲੈ ਕੇ ਅੱਜ ਡਿਪਟੀ ਕਮਿਸ਼ਨਰ ਫ਼ਤਹਿਗੜ੍ਹ ਸਾਹਿਬ ਡਾ. ਸੋਨਾ ਥਿੰਦ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ | ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਵਾਰਡ ਨੰਬਰ 22 ਅਤੇ 23 ਵਿਚ ਸੀਵਰੇਜ ਬੋਰਡ ਵਲੋਂ ਸੀਵਰੇਜ ਪਾਈਪ ਲਾਈਨ ਪਾਈ ਗਈ ਹੈ ਅਤੇ ਹੁਣ ਬਰਸਾਤਾਂ ਕਾਰਨ ਗਲੀਆਂ, ਨਾਲੀਆਂ ਵਿਚ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ, ਇਹ ਗੰਦਾ ਪਾਣੀ ਨਿਕਾਸੀ ਨਾ ਹੋਣ ਕਾਰਨ ਕਈ ਲੋਕਾਂ ਦੇ ਘਰਾਂ ਅੰਦਰ ਵੜ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਉਹ ਪਿਛਲੇ ਮਹੀਨੇ ਤੋਂ ਸਬੰਧਿਤ ਸੀਵਰੇਜ ਬੋਰਡ ਦੇ ਜੇ.ਈ., ਐਸ.ਡੀ.ਓ. ਅਤੇ ਹੋਰ ਸਬੰਧਿਤ ਅਧਿਕਾਰੀਆਂ ਨੂੰ ਵਾਰਡਾਂ 'ਚ ਪੈਦਾ ਹੋਈਆਂ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਕਰ ਚੁੱਕੇ ਹਨ ਅਤੇ ਵੀਡੀਓ ਬਣਾ ਕੇ ਵੀ ਭੇਜ ਚੁੱਕੇ ਹਨ ਪ੍ਰੰਤੂ ਸੰਬੰਧਿਤ ਅਧਿਕਾਰੀਆਂ ਵਲੋਂ ਹੁਣ ਤੱਕ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਇਸ ਸਬੰਧੀ ਨਗਰ ਕੌਂਸਲ ਸਰਹਿੰਦ ਨੂੰ ਵੀ ਕਈ ਵਾਰ ਕਹਿ ਚੁੱਕੇ ਹਾਂ ਪ੍ਰੰਤੂ ਉਨ੍ਹਾਂ ਵਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ | ਮੁਹੱਲਾ ਵਾਸੀਆਂ ਨੇ ਦੱਸਿਆ ਕਿ ਗੰਦਾ ਪਾਣੀ ਲਗਾਤਾਰ ਗਲੀਆਂ, ਨਾਲੀਆਂ ਵਿਚ ਖੜ੍ਹਾ ਰਹਿਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਦੋਨੋਂ ਵਾਰਡਾਂ ਵਿਚ ਦੋ-ਤਿੰਨ ਗਲੀਆਂ ਬਹੁਤ ਜ਼ਿਆਦਾ ਨੀਵੀਂਆਂ ਹਨ ਅਤੇ ਪਿੰਡ ਤਲਾਣੀਆਂ ਵਿਚ ਸਰਕਾਰੀ ਸਕੂਲ ਦੇ ਸਾਹਮਣੇ ਬਣਿਆ ਟੋਭਾ ਬਰਸਾਤਾਂ ਕਾਰਨ ਓਵਰ ਫਲੋਅ ਹੋ ਚੁੱਕਾ ਹੈ, ਜਿਸ ਦਾ ਸਾਰਾ ਗੰਦਾ ਪਾਣੀ ਫ਼ਿਰੋਜਪੁਰ ਤਲਣੀਆਂ ਮੇਨ ਸੜਕ ਤੇ ਆਉਣ ਕਾਰਨ ਰਾਹਗੀਰਾਂ ਅਤੇ ਸਕੂਲ ਬੱਚਿਆਂ ਨੂੰ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇੱਥੇ ਬੱਸ ਨਹੀਂ ਇਸ ਗੰਦੇ ਪਾਣੀ ਕਾਰਨਾਂ ਕਈ ਸੜਕੀ ਹਾਦਸੇ ਵੀ ਵਾਪਰ ਚੁੱਕੇ ਹਨ | ਉਨ੍ਹਾਂ ਦੱਸਿਆ ਕਿ ਜਿਸ ਜਗ੍ਹਾ ਵਿਚ ਗੰਦਾ ਪਾਣੀ ਖੜ੍ਹਾ ਹੈ, ਉਸ ਜਗ੍ਹਾ ਵਿਚ ਪਿੰਡ ਵਾਸੀਆਂ ਵਲੋਂ ਮਾਤਾ ਨੈਣਾਂ ਦੇਵੀ ਮੰਦਿਰ ਅੱਗੇ ਵਿਸਾਲ ਭਗਵਤੀ ਜਾਗਰਣ ਕੀਤਾ ਜਾ ਰਿਹਾ ਹੈ | ਜਿਸ ਕਰਕੇ ਸਫ਼ਾਈ ਹੋਣੀ ਅਤਿ ਜ਼ਰੂਰੀ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਵਾਰਡ ਨੰਬਰ 22-23 ਪਿੰਡ ਤਲਾਣੀਆਂ ਵਿਚ ਜਾਮ ਹੋਏ ਸੀਵਰੇਜ ਦੀ ਸਫ਼ਾਈ ਲਈ ਸੰਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਜਾਵੇ | ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਣ ਮੌਕੇ ਕੌਂਸਲਰ ਜਸਵਿੰਦਰ ਕੌਰ, ਜਸਵਿੰਦਰ ਸਿੰਘ ਜੱਸੀ, ਗੌਰਵ, ਕੁਲਦੀਪ ਸਿੰਘ, ਰਾਜੇਸ਼ ਕੁਮਾਰ, ਚੁੰਨੀ ਲਾਲ, ਕਰਨ, ਪ੍ਰਵੀਨ ਕੁਮਾਰ, ਅਸ਼ੋਕ ਕੁਮਾਰ, ਰਵੀ ਕੁਮਾਰ, ਸੁਰਜਨ ਸਿੰਘ, ਸੁਖਦੇਵ ਸਿੰਘ, ਮੋਹਣ ਸਿੰਘ, ਗੁਰਦੀਪ ਸਿੰਘ, ਕਰਮ ਚੰਦ, ਸੁਮਿਤਰਾ ਦੇਵੀ, ਰੇਸ਼ਮਾ ਦੇਵੀ, ਸੰਜੂ ਕੁਮਾਰ, ਸਤਪਾਲ ਸਿੰਘ, ਰਾਹੁਲ, ਰਮੇਸ਼ ਕੁਮਾਰ, ਪਰਮਜੀਤ ਸਿੰਘ, ਅਭਿਸ਼ੇਕ, ਰਾਜ ਕੁਮਾਰ, ਗੁਰਮੁਖ ਸਿੰਘ, ਵਿਕਰਮ ਸਿੰਘ, ਮਨੀ, ਦਿਲਬਰ, ਬਿੱਲਾ ਸਮੇਤ ਵੱਡੀ ਗਿਣਤੀ ਵਿਚ ਵਾਰਡ ਵਾਸੀ ਸ਼ਾਮਿਲ ਸਨ |