ਬਸੀ ਪਠਾਣਾਂ, 16 ਜੁਲਾਈ (ਯਤਿੰਦਰ ਮੌਦਗਿਲ)-ਪੰਜਾਬ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਡਾ. ਅਮਨਦੀਪ ਕੌਰ ਢੋਲੇਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਵਲੋਂ ਪੰਜਾਬ ਦੀ 1158 ਅਸਿਸਟੈਂਟ ਪ੍ਰੋਫੈਸਰ ਭਰਤੀ ਨੂੰ ਰੱਦ ਹੋਣ ਦੇ ਫ਼ੈਸਲੇ ਨੇ ਸੈਂਕੜੇ ਯੋਗ ਨੌਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗਹਿਰੀ ਨਿਰਾਸ਼ਾ ਵੱਲ ਧੱਕ ਦਿੱਤਾ ਹੈ | ਉਨ੍ਹਾਂ ਕਿਹਾ ਕਿ ਪ੍ਰਬੰਧਕੀ ਖ਼ਾਮੀਆਂ 'ਚ ਇਨ੍ਹਾਂ ਅਧਿਆਪਕਾਂ ਦਾ ਤਾਂ ਕੋਈ ਕਸੂਰ ਨਹੀਂ ਸੀ ਅਤੇ ਜੇਕਰ ਭਰਤੀ ਪ੍ਰਕਿਰਿਆ ਦੌਰਾਨ ਕੋਈ ਖ਼ਾਮੀਆਂ ਹੋਈਆਂ ਤਾਂ ਜ਼ਿੰਮੇਵਾਰ ਪ੍ਰਸ਼ਾਸਕੀ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ | ਮਹਿਲਾ ਆਗੂ ਨੇ ਕਿਹਾ ਕਿ ਪੰਜਾਬ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ 'ਚ ਹਜ਼ਾਰਾਂ ਯੋਗ ਐਮ. ਏ. ਨੈੱਟ ਪਾਸ ਨੌਜਵਾਨ 15-20 ਹਜ਼ਾਰ ਦੀ ਨਿਗੂਣੀ ਤਨਖ਼ਾਹ 'ਤੇ ਕੰਮ ਕਰ ਰਹੇ ਹਨ ਜਦਕਿ ਨਿਯਮਾਂ ਅਨੁਸਾਰ ਇਨ੍ਹਾਂ ਦੀ ਮੁੱਢਲੀ ਤਨਖ਼ਾਹ 57700 ਹੋਣੀ ਚਾਹੀਦੀ ਹੈ | ਕਾਂਗਰਸੀ ਆਗੂ ਨੇ ਕਿਹਾ ਕਿ ਨੀਤੀਕਾਰਾਂ ਦੇ ਭਰੋਸੇ ਸਥਾਪਿਤ ਹੋਈਆਂ ਪ੍ਰਾਈਵੇਟ ਯੂਨੀਵਰਸਿਟੀਆਂ ਦੀ ਗਿਣਤੀ ਤਾਂ ਲਗਾਤਾਰ ਵਧਦੀ ਜਾ ਰਹੀ ਹੈ ਪਰ ਇਨ੍ਹਾਂ ਵਲੋਂ ਲਈਆਂ ਜਾ ਰਹੀਆਂ ਫ਼ੀਸਾਂ ਸਬੰਧੀ ਠੋਸ ਕਾਨੂੰਨ ਨਾ ਹੋਣ ਕਾਰਨ ਉਚੇਰੀ ਸਿੱਖਿਆ ਹਾਸਿਲ ਕਰਨ ਦਾ ਗ਼ਰੀਬ ਵਰਗ ਦੇ ਬੱਚਿਆਂ ਦਾ ਸੁਪਨਾ ਚਕਨਾਚੂਰ ਜ਼ਰੂਰ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ 'ਚ ਅਸਿਸਟੈਂਟ ਪ੍ਰੋਫ਼ੈਸਰਾਂ ਦੀ ਰੈਗੂਲਰ ਭਰਤੀ ਦਾ ਸਵਾਲ ਮਹਿਜ਼ ਭਰਤੀ ਹੋਣ ਵਾਲੇ ਨੌਜਵਾਨ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹੀ ਨਹੀਂ ਜੁੜਿਆ ਹੋਇਆ, ਸਗੋਂ ਇਹ ਪੰਜਾਬ ਦੀ ਲੀਹੋਂ ਲਹਿ ਚੁੱਕੀ ਸਮੁੱਚੀ ਉੱਚ-ਸਿੱਖਿਆ ਦੀ ਪੁਨਰ ਸੁਰਜੀਤੀ ਨਾਲ ਜੁੜਿਆ ਹੋਇਆ ਮਸਲਾ ਹੈ ਪਰ ਪੰਜਾਬ ਸਰਕਾਰ ਦਾ ਇਸ ਦਿਸ਼ਾ ਵੱਲ ਧਿਆਨ ਹੀ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਸ ਭਰਤੀ ਦੇ ਰੱਦ ਹੋਣ 'ਤੇ ਪੁਨਰਵਿਚਾਰ ਕਰਾਉਣ ਲਈ ਸੰਘਰਸ਼ਸ਼ੀਲ ਢੰਗ ਨਾਲ ਅਪੀਲ ਕਰਨੀ ਚਾਹੀਦੀ ਹੈ ਉਪਰੰਤ ਉਚਿੱਤ ਪ੍ਰਕਿਰਿਆ ਅਨੁਸਾਰ ਨਵੀਂ ਭਰਤੀ ਤੁਰੰਤ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ |