ਫ਼ਤਹਿਗੜ੍ਹ ਸਾਹਿਬ, 15 ਜੁਲਾਈ (ਮਨਪ੍ਰੀਤ ਸਿੰਘ)-ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਦੇ ਵਿਵੇਕਾਨੰਦ ਹਾਊਸ ਦੇ ਵਿਦਿਆਰਥੀਆਂ ਵਲੋਂ ਗੁਰੂ ਪੂਰਨਿਮਾ ਦਾ ਤਿਉਹਾਰ ਸ਼ਰਧਾ ਅਤੇ ਭਾਵਨਾਤਮਕ ਮਾਹੌਲ ਵਿਚ ਮਨਾਇਆ ਗਿਆ | ਇਸ ਮੌਕੇ ਸਕੂਲ ਦੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਨੇ ਵਿਸ਼ੇਸ਼ ਪ੍ਰੋਗਰਾਮ ਪੇਸ਼ ਕਰਕੇ ਆਪਣੇ ਗੁਰੂਆਂ ਪ੍ਰਤੀ ਆਪਣੀ ਸ਼ੁਕਰਗੁਜ਼ਾਰੀ ਪ੍ਰਗਟ ਕੀਤੀ | ਪ੍ਰੋਗਰਾਮ ਦੀ ਸ਼ੁਰੂਆਤ ਪ੍ਰੇਰਨਾਦਾਇਕ ਵਿਚਾਰਾਂ ਨਾਲ ਹੋਈ ਉਪਰੰਤ ਬੱਚਿਆਂ ਨੇ ਗੁਰੂਆਂ ਦੀ ਮਹਿਮਾ 'ਤੇ ਆਧਾਰਿਤ ਸੰਗੀਤਕ ਕਵਿਤਾਵਾਂ ਅਤੇ ਭਾਸ਼ਣ ਦਿੱਤੇ | ਪ੍ਰ੍ਰੋਗਰਾਮ ਦਾ ਮੁੱਖ ਆਕਰਸ਼ਨ 'ਏਕਲਵਯ ਦੀ ਗੁਰੂ ਭਗਤੀ' 'ਤੇ ਆਧਾਰਿਤ ਇਕ ਦਿਲ ਨੂੰ ਛੂਹ ਲੈਣ ਵਾਲਾ ਨਾਟਕ ਸੀ, ਜਿਸ ਵਿਚ ਗੁਰੂ ਪ੍ਰਤੀ ਸਮਰਪਣ, ਅਨੁਸ਼ਾਸਨ ਅਤੇ ਸ਼ਰਧਾ ਦੇ ਉੱਚਤਮ ਆਦਰਸ਼ਾਂ ਨੂੰ ਉਜਾਗਰ ਕੀਤਾ ਗਿਆ | ਪ੍ਰੋਗਰਾਮ ਵਿਚ ਬੱਚਿਆਂ ਦੀਆਂ ਮਾਸੂਮ ਪੇਸ਼ਕਾਰੀਆਂ ਅਤੇ ਉਨ੍ਹਾਂ ਦੇ ਭਾਵਨਾਤਮਕ ਸ਼ਬਦਾਂ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ | ਪਿ੍ੰਸੀਪਲ ਡਾ. ਸੰਗੀਤਾ ਸ਼ਰਮਾ ਨੇ ਕਿਹਾ ਕਿ ਗੁਰੂ ਨਾ ਸਿਰਫ਼ ਗਿਆਨ ਦਾ ਸਰੋਤ ਹੈ, ਸਗੋਂ ਜੀਵਨ ਨੂੰ ਦਿਸ਼ਾ ਦੇਣ ਵਾਲਾ ਮਾਰਗ ਦਰਸ਼ਕ ਵੀ ਹੈ | ਅੱਜ ਸਾਡੇ ਨੌਜਵਾਨ ਵਿਦਿਆਰਥੀਆਂ ਨੇ ਆਪਣੀਆਂ ਸਰਲ 'ਤੇ ਡੂੰਘੀਆਂ ਭਾਵਨਾਵਾਂ ਨਾਲ ਸਾਬਿਤ ਕਰ ਦਿੱਤਾ ਹੈ ਕਿ ਸੱਚੀ ਸ਼ਰਧਾ ਉਮਰ 'ਤੇ ਨਿਰਭਰ ਨਹੀਂ ਕਰਦੀ |