ਖਮਾਣੋਂ, 14 ਜੁਲਾਈ (ਮਨਮੋਹਣ ਸਿੰਘ ਕਲੇਰ)-ਪੰਜਾਬ ਸਰਕਾਰ ਵਲੋਂ ਜਿਹੜੇ ਮੁਫ਼ਤ ਸਿਹਤ ਬੀਮਾ ਯੋਜਨਾ ਲਾਗੂ ਕੀਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਜਿਸ 'ਚ ਹਰ ਕੋਈ ਆਪਣਾ ਦਸ ਲੱਖ ਰੁਪਏ ਦਾ ਇਲਾਜ ਕਿਸੇ ਵੀ ਸਰਕਾਰੀ, ਪ੍ਰਾਈਵੇਟ ਹਸਪਤਾਲ ਤੋਂ ਕਰਵਾ ਸਕੇਗਾ | ਇਸ ਸੰਬੰਧੀ ਇਲਾਜ ਲਈ ਕੋਈ ਸ਼ਰਤ ਨਹੀਂ ਹੋਣੀ ਚਾਹੀਦੀ ਹੈ | ਇਹ ਮੰਗ ਇੱਥੋਂ ਦੇ ਨਗਰ ਪੰਚਾਇਤ ਖਮਾਣੋਂ ਦੇ ਸਾਬਕਾ ਪ੍ਰਧਾਨ ਬਲਮਜੀਤ ਸਿੰਘ ਪਿ੍ੰਸੀ ਨੇ ਰੱਖਦਿਆਂ ਕਿਹਾ ਕਿ ਅਸਲ 'ਚ ਇਹ ਬੀਮਾ ਯੋਜਨਾ ਜਿਹੜੀ ਕਿ ਅਕਤੂਬਰ ਮਹੀਨੇ ਤੋਂ ਸ਼ੁਰੂ ਕੀਤੀ ਜਾਣੀ ਹੈ, ਸੰਬੰਧੀ ਸਰਕਾਰ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਕਿਹੜੀਆਂ ਬਿਮਾਰੀਆਂ ਦਾ ਇਸ ਯੋਜਨਾ ਤਹਿਤ ਇਲਾਜ ਕੀਤਾ ਜਾਇਆ ਕਰੇਗਾ | ਇਸ ਤੋਂ ਪਹਿਲਾਂ ਵੀ ਸਰਕਾਰਾਂ ਨੇ ਕਈ ਬੀਮਾ ਯੋਜਨਾਵਾਂ ਚਲਾਈਆਂ ਸਨ ਜਿਨ੍ਹਾਂ ਦਾ ਕੋਈ ਖ਼ਾਸ ਲਾਭ ਜਨਤਾ ਨੂੰ ਨਹੀਂ ਮਿਲ ਸਕਿਆ | ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ 'ਚ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦਾ ਵੱਡਾ ਵਾਧਾ ਦੇਖਣ 'ਚ ਆ ਰਿਹਾ ਹੈ | ਜਿਸ ਦੇ ਇਲਾਜ ਲਈ ਆਮ ਵਿਅਕਤੀ ਕੋਲ ਪੈਸਾ ਨਹੀਂ ਹੈ, ਸਿਰਫ਼ ਅਮੀਰ ਵਿਅਕਤੀ ਹੀ ਆਪਣਾ ਇਲਾਜ ਕਰਵਾ ਸਕਦਾ ਹੈ | ਇਸ ਲਈ ਸਰਕਾਰ ਜੇਕਰ ਸੱਚਮੁੱਚ ਲੋਕਾਂ ਦਾ ਭਲਾ ਕਰਨਾ ਚਾਹੁੰਦੀ ਹੈ ਤਾਂ ਇਸ ਇਲਾਜ ਯੋਜਨਾ 'ਚ ਸਾਰੀਆਂ ਬਿਮਾਰੀਆਂ ਦਾ ਮੁਫ਼ਤ ਇਲਾਜ ਹੋਣਾ ਚਾਹੀਦਾ ਹੈ ਤਾਂ ਹੀ ਇਸ ਯੋਜਨਾ ਦਾ ਲਾਭ ਆਮ ਲੋਕ ਲੈ ਸਕਦੇ ਹਨ |