ਫ਼ਤਹਿਗੜ੍ਹ ਸਾਹਿਬ, 14 ਜੁਲਾਈ (ਮਨਪ੍ਰੀਤ ਸਿੰਘ)-ਬਰਸਾਤੀ ਮੌਸਮ ਦੌਰਾਨ ਖਾਣ ਪੀਣ ਦੀਆਂ ਵਸਤਾਂ ਦੀ ਵਰਤੋਂ ਜੇਕਰ ਧਿਆਨ ਨਾਲ ਕੀਤੀ ਜਾਵੇ ਤਾਂ ਅਸੀਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਹਿਜੇ ਹੀ ਬਚ ਸਕਦੇ ਹਾਂ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਨੇ ਦੱਸਿਆ ਕਿ ਇਸ ਮੌਸਮ ਵਿਚ ਛੋਟੇ ਬੱਚਿਆਂ ਵਿਚ ਉਲਟੀਆਂ, ਟੱਟੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ | ਜਿਸ ਨਾਲ ਬੱੱਚਿਆਂ ਦੇ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਬੱਚਾ ਮੌਤ ਦੇ ਮੂੰਹ ਵਿਚ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਦਸਤ ਰੋਗ ਦਾ ਸਹੀ ਇਲਾਜ ਓ.ਆਰ.ਐੱਸ. ਅਤੇ ਜ਼ਿੰਕ ਦੀਆਂ ਗੋਲੀਆਂ ਹਨ, ਲੋੜ ਪੈਣ 'ਤੇ ਜੇਕਰ ਬੱਚੇ ਨੂੰ ਇਹ ਦਿੱਤੀਆਂ ਜਾਣ ਤਾਂ ਬੱਚੇ ਦੇ ਸਰੀਰ ਵਿਚ ਪਾਣੀ ਦੀ ਕਮੀ ਨਹੀਂ ਹੁੰਦੀ ਅਤੇ ਤਾਕਤ ਬਣੀ ਰਹਿੰਦੀ ਹੈ, ਇਸ ਲਈ ਦਸਤ ਲੱਗਣ ਦੀ ਸੂਰਤ ਵਿਚ ਓ.ਆਰ.ਐੱਸ. ਦਾ ਘੋਲ ਤਿਆਰ ਕਰਕੇ ਬੱਚੇ ਨੂੰ ਹਰ ਦਸਤ ਤੋਂ ਬਾਅਦ ਥੋੜ੍ਹੀ-ਥੋੜ੍ਹੀ ਮਾਤਰਾ ਵਿਚ ਲਗਾਤਾਰ ਪਿਲਾਇਆ ਜਾਵੇ, ਇਸ ਦੇ ਨਾਲ ਹੀ ਜ਼ਿੰਕ ਦੀਆਂ ਗੋਲੀਆਂ ਵੀ ਚੌਦਾਂ ਦਿਨ ਲਈ ਦਿੱਤੀਆਂ ਜਾਣ | ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਵਾਲੇ ਘਰਾਂ ਵਿਚ ਓ.ਆਰ.ਐਸ. ਦੇ ਪੈਕਟ ਜ਼ਰੂਰ ਹੋਣੇ ਚਾਹੀਦੇ ਹਨ ਜੋ ਕਿ ਸਰਕਾਰੀ ਸਿਹਤ ਸੰਸਥਾਵਾਂ 'ਚੋਂ ਮੁਫ਼ਤ ਪ੍ਰਾਪਤ ਕੀਤੇ ਜਾ ਸਕਦੇ ਹਨ | ਬਰਸਾਤੀ ਮੌਸਮ ਦੌਰਾਨ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾਵੇ, ਖਾਣ ਪੀਣ ਦੀਆਂ ਵਸਤੂਆਂ ਨੂੰ ਢਕ ਕੇ ਰੱਖਿਆ ਜਾਵੇ ਅਤੇ ਪਾਣੀ ਚੰਗੀ ਤਰ੍ਹਾਂ ਉਬਾਲ ਕੇ ਹੀ ਵਰਤੋਂ ਵਿਚ ਲਿਆਂਦਾ ਜਾਵੇ | ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਬਰਸਾਤੀ ਮੌਸਮ ਵਿਚ ਬਹੁਤੇ ਪੱਕੇ ਜਾਂ ਬਹੁਤੇ ਕੱਚੇ ਅਤੇ ਅਨ-ਢਕੇ ਫਲ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਪੀਣ ਵਾਲਾ ਪਾਣੀ ਵੀ ਉਬਾਲ ਕੇ ਹੀ ਪੀਣਾ ਚਾਹੀਦਾ ਹੈ, ਸਾਫ਼-ਸੁਥਰਾ ਭੋਜਨ ਖਾਣਾ ਚਾਹੀਦਾ ਹੈ, ਪਖਾਨਾ ਜਾਣ ਤੋਂ ਬਾਅਦ ਅਤੇ ਭੋਜਨ ਖਾਣ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਣ ਨਾਲ ਸਾਫ਼ ਕਰਨਾ ਚਾਹੀਦਾ ਹੈ |