ਕਾਠਗੜ੍ਹ, 8 ਦਸੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਪਤੰਗਬਾਜ਼ੀ ਦੇ ਸ਼ੁਰੂ ਹੋਏ ਸੀਜ਼ਨ ਦੇ ਨਾਲ ਹੀ ਖ਼ੂਨੀ ਚਾਈਨਾ ਡੋਰ ਦੀ ਵਰਤੋਂ ਵੀ ਬੜੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ, ਨਾਲ ਹੀ ਇਸ ਦੀ ਵਰਤੋਂ ਦੇ ਨਤੀਜੇ ਆਉਣੇ ਵੀ ਸ਼ੁਰੂ ਹੋ ਗਏ ਹਨ | ਇਸੇ ਖ਼ੂਨੀ ਚਾਈਨਾ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ 'ਤੇ ਸਵਾਰ ਇੱਕ ਵਿਅਕਤੀ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪਿੰਡ ਬਨਾਂ ਦੇ ਵਸਨੀਕ ਜਗਦੀਸ਼ ਪੁੱਤਰ ਮਨਸਾ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਹੈ ਕਿ ਉਹ ਬੀਤੇ ਦਿਨ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਤੋਂ ਬਲਾਚੌਰ ਸਾਈਡ ਜਾ ਰਿਹਾ ਸੀ ਪਰ ਜਦੋਂ ਉਹ ਪਿੰਡ ਸੁੱਧਾ ਮਾਜਰਾ ਪਹੁੰਚਿਆ ਤਾਂ ਉਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਗਿਆ ਜਿਸ ਨਾਲ ਉਸ ਦੀ ਅੱਖ ਦੇ ਨੇੜੇ ਕਾਫ਼ੀ ਵੱਡਾ ਜ਼ਖ਼ਮ ਹੋ ਗਿਆ | ਜਗਦੀਸ਼ ਨੇ ਦੱਸਿਆ ਕਿ ਉਹ ਬੜੀ ਮੁਸ਼ਕਿਲ ਨਾਲ ਬਲਾਚੌਰ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਿਆ ਤੇ ਆਪਣਾ ਇਲਾਜ ਕਰਵਾਇਆ | ਉਸ ਨੇ ਦੱਸਿਆ ਕਿ ਚਾਈਨਾ ਡੋਰ ਦੇ ਲੱਗੇ ਕੱਟ ਕਾਰਨ ਉਸ ਦੇ 6 ਦੇ ਕਰੀਬ ਟਾਂਕੇ ਲਗਾਏ ਗਏ ਹਨ | ਜਗਦੀਸ਼ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਖ਼ਤਰਨਾਕ ਡੋਰ 'ਤੇ ਪੂਰਨ ਪਾਬੰਦੀ ਲਗਾਈ ਜਾਵੇ ਤਾਂ ਜੋ ਲੋਕ ਹਾਦਸਿਆਂ ਦਾ ਸ਼ਿਕਾਰ ਨਾ ਹੋ ਸਕਣ |