ਕਟਾਰੀਆਂ, 2 ਦਸੰਬਰ (ਪ੍ਰੇਮੀ ਸੰਧਵਾਂ) - ਸੀਨੀਅਰ ਕਿਸਾਨ ਤੇ ਅਕਾਲੀ ਆਗੂ ਜਥੇ. ਸਤਨਾਮ ਸਿੰਘ ਲਾਦੀਆਂ ਤੇ ਕਿਸਾਨ ਆਗੂ ਐਡਵੋਕੇਟ ਬਲਵੰਤ ਸਿੰਘ ਲਾਦੀਆਂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਹੁਣ ਫਸਲਾਂ ਨੂੰ ਨਹਿਰੀ ਪਾਣੀ ਦੀ ਲੋੜ ਹੈ ਤਾਂ ਸਰਕਾਰ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਸੁੱਕੀਆਂ ਨਹਿਰਾਂ 'ਚ ਪਾਣੀ ਨਾ ਛੱਡਣ ਕਾਰਨ ਠੇਕੇ 'ਤੇ ਖੇਤੀ ਕਰਨ ਵਾਲੇ ਤੇ ਮੱਧ ਵਰਗੀ ਕਿਸਾਨਾਂ 'ਚ ਹਾਹਾਕਾਰ ਮਚੀ ਹੋਈ ਹੈ | ਕਿਉਂਕਿ ਮਹਿੰਗੇ ਭਾਅ ਦਾ ਡੀਜ਼ਲ ਫੂਕ ਕੇ ਫਸਲਾਂ ਨੂੰ ਪਾਣੀ ਲਾਉਣਾ ਹਰ ਕਿਸਾਨ ਦੇ ਵਸੋਂ ਬਾਹਰ ਹੈ | ਕਿਉਂਕਿ ਕਿਸਾਨ ਤਾਂ ਪਹਿਲਾਂ ਹੀ ਕਰਜੇ ਦੀ ਦਲ- ਦਲ 'ਚ ਫਸਿਆ ਆਏ ਦਿਨ ਖੁਦਕਸ਼ੀਆਂ ਕਰ ਰਿਹਾ ਹੈ | ਪਰ ਫੇਰ ਵੀ ਸਰਕਾਰ ਵਲੋਂ ਕਿਸਾਨਾਂ ਦਾ ਦਰਦ ਨਾ ਪਛਾਨਣਾ ਦੇਸ਼ ਦੇ ਅੰਨਦਾਤੇ ਨਾਲ ਵੱਡਾ ਧੱਕਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਬ ਦੇ ਕਿਸਾਨਾਂ ਦੀਆਂ ਕੁਦਰਤੀ ਆਫਤ ਨੇ ਫਸਲਾਂ ਬਰਬਾਦ ਕਰਕੇ ਕਿਸਾਨ ਨੂੰ ਕੱਖੋਂ ਹੌਲਾ ਕਰ ਦਿੱਤਾ ਤੇ ਹੁਣ ਸਰਕਾਰ ਵਲੋਂ ਨਹਿਰਾਂ 'ਚ ਪਾਣੀ ਨਾ ਛੱਡ ਕੇ ਕਿਸਾਨਾਂ ਨੂੰ ਹੋਰ ਵੀ ਆਰਥਿਕ ਸਥਿਤੀ ਵਿੱਚ ਫਸਾਇਆ ਜਾ ਰਿਹਾ ਹੈ | ਜਥੇ. ਸਤਨਾਮ ਸਿੰਘ ਲਾਦੀਆਂ ਤੇ ਐਡਵੋਕੇਟ ਬਲਵੰਤ ਸਿੰਘ ਲਾਦੀਆਂ, ਸਾਬਕਾ ਪੁਲਿਸ ਇੰਸਪੈਕਟਰ ਪ੍ਰੇਮ ਸਿੰਘ ਕਲਸੀ ਤੇ ਮਹਿਲਾ ਕਿਸਾਨ ਆਗੂ ਮੈਡਮ ਕਮਲੇਸ਼ ਕੌਰ ਕਲਸੀ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਨਹਿਰੀ ਵਿਭਾਗ ਨੇ ਸੁੱਕੀਆਂ ਨਹਿਰਾਂ 'ਚ ਕਿਸਾਨਾਂ ਦੀ ਲੋੜ ਅਨੁਸਾਰ ਜਲਦ ਪਾਣੀ ਨਾ ਛੱਡਿਆ ਤਾਂ ਕਿਸਾਨ-ਕਿਸਾਨ ਜਥੇਬੰਦੀਆਂ ਨੂੰ ਨਾਲ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਕਰਨ ਤੋਂ ਗੁਰੇਜ਼ ਨਹੀਂ ਕਰਨਗੇ |