ਨਵਾਂਸ਼ਹਿਰ, 21 ਜੁਲਾਈ (ਹਰਮਿੰਦਰ ਸਿੰਘ ਪਿੰਟੂ)-ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵਲੋਂ ਸਾਵਣ ਕਵੀ ਦਰਬਾਰ 26 ਜੁਲਾਈ ਦਿਨ ਸਨਿਚਰਵਾਰ ਨੂੰ ਪਿੰਡ ਮੁਬਾਰਕਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬਾਅਦ ਦੁਪਹਿਰ 1.30 ਵਜੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਜ਼ਿਲ੍ਹਾ ਪ੍ਰਧਾਨ ਦੇਸ ਰਾਜ ਬਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਵੀ ਦਰਬਾਰ 'ਚ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ, ਕਲਾਕਾਰ ਸੰਗੀਤ ਸਭਾ ਨਵਾਂਸ਼ਹਿਰ, ਦਰਪਣ ਸਾਹਿਤ ਸਭਾ ਸੈਲਾ ਖ਼ੁਰਦ, ਦੁਆਬਾ ਸਾਹਿਤ ਸਭਾ ਗੜ੍ਹਸ਼ੰਕਰ, ਪੰਜਾਬੀ ਲੇਖਕ ਸਭਾ ਖਟਕੜਕਲਾਂ ਦੇ ਪ੍ਰਸਿੱਧ ਸਾਹਿਤਕਾਰ ਉਚੇਚੇ ਤੌਰ 'ਤੇ ਪਹੁੰਚ ਰਹੇ ਹਨ | ਇਸ ਕਵੀ ਦਰਬਾਰ 'ਚ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਵੀ ਵੱਖ-ਵੱਖ ਆਗੂ ਅਤੇ ਸਾਹਿਤਕਾਰਾਂ ਵਲੋਂ ਸਾਵਣ ਦੀ ਮਹਿਫ਼ਲ ਸਜਾਈ ਜਾਵੇਗੀ | ਫੀਤਾ ਕੱਟਣ ਦੀ ਰਸਮ ਡਾ. ਮਲਕੀਤ ਕੌਰ ਜੰਡੀ ਅਤੇ ਐਡਵੋਕੇਟ ਜਸਪ੍ਰੀਤ ਸਿੰਘ ਬਾਜਵਾ ਕਰਨਗੇ | ਇਸ ਮੌਕੇ ਪ੍ਰਸਿੱਧ ਸਾਹਿਤਕਾਰ ਤਰਸੇਮ ਸਾਕੀ ਦਾ ਉਮਰ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਵੀ ਕੀਤਾ ਜਾਵੇਗਾ |