ਗੁਰੂਸਰ ਸੁਧਾਰ, 20 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)-ਰਾਮਗੜ੍ਹੀਆ ਸਿੱਖ ਗੁਰਦੁਆਰਾ ਸਲਾਓ ਯੂ.ਕੇ. ਦੇ ਸਾਬਕਾ ਪ੍ਰਧਾਨ ਅਤੇ ਲੰਡਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸ: ਅਮਰਜੀਤ ਸਿੰਘ ਭੱਚੂ ਤੇ ਉਨ੍ਹਾਂ ਦੇ ਸਪੁੱਤਰ ਸੁਬੇਗ ਸਿੰਘ ਭੱਚੂ ਦੇ ਸਹਿਯੋਗ ਸਦਕਾ ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜ (ਡਿਗਰੀ ਕਾਲਜ) ਤੇ ਕਾਲਜ ਆਫ਼ ਐਜ਼ੂਕੇਸ਼ਨ (ਬੀ.ਐੱਡ.) ਗੁਰੂਸਰ ਸੁਧਾਰ ਵਿਖੇ ਖੇਡਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ ਅਹਿਮ ਯੋਗਦਾਨ ਮਿਲ ਰਿਹਾ ਹੈ | ਐੱਨ.ਆਰ.ਆਈਜ਼ ਇੰਗਲੈਂਡ ਨਿਵਾਸੀ ਭੱਚੂ ਪਰਿਵਾਰ ਵਲੋਂ ਸੁਧਾਰ ਕਾਲਜ ਦੀਆਂ (ਲੜਕੇ-ਲੜਕੀਆਂ) ਹਾਕੀ ਤੇ ਫੁੱਟਬਾਲ ਦੀਆਂ ਟੀਮਾਂ ਤੇ ਜੀ.ਐੱਚ.ਜੀ. ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਖਿਡਾਰੀਆਂ ਲਈ ਇਕ ਸੌ 'ਸਪੋਰਟਸ ਕਿੱਟਾਂ' ਭੇਟ ਕੀਤੀਆਂ ਗਈਆਂ ਹਨ | ਦਾਨੀ ਸੱਜਣ ਅਮਰਜੀਤ ਸਿੰਘ ਭੱਚੂ ਨੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਤੇ ਜੀ.ਐੱਚ.ਜੀ. ਵਿੱਦਿਅਕ ਸੰਸਥਾਵਾਂ ਦੇ ਖਿਡਾਰੀਆਂ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਉਹ ਭਵਿੱਖ ਵਿਚ ਵੀ ਆਪਣੇ ਸਹਾਇਤਾ ਭਰੇ ਕਾਰਜ ਜਾਰੀ ਰੱਖਣਗੇ | ਕਾਲਜ ਆਫ਼ ਐਜ਼ੂਕੇਸ਼ਨ ਦੇ ਪਿ੍ੰ: ਡਾ: ਪਰਗਟ ਸਿੰਘ ਗਰਚਾ ਨੇ ਕਿਹਾ ਕਿ ਦਾਨੀ ਪਰਿਵਾਰ ਦਾ ਇਹ ਉੱਦਮ ਟੀਮਾਂ ਅਤੇ ਖਿਡਾਰੀਆਂ ਵਿਚ ਆਤਮ ਵਿਸ਼ਵਾਸ ਪੈਦਾ ਕਰਨ ਤੋਂ ਇਲਾਵਾ ਖੇਡ ਭਾਵਨਾ ਪ੍ਰਤੀ ਹੋਰ ਜੋਸ਼ ਭਰੇਗਾ | ਜੀ.ਐੱਚ.ਜੀ. ਖ਼ਾਲਸਾ ਕਾਲਜ਼ਿਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਮਨਜੀਤ ਸਿੰਘ ਗਿੱਲ, ਸਕੱਤਰ ਡਾ: ਐੱਸ.ਐੱਸ. ਥਿੰਦ, ਪਿ੍ੰ: ਡਾ: ਪਰਗਟ ਸਿੰਘ ਗਰਚਾ, ਪਿ੍ੰ: ਪ੍ਰੋ: ਇੰਦਰਜੀਤ ਸਿੰਘ ਨੇ ਸਪੋਰਟਸ ਕਿੱਟਾਂ ਭੇਟ ਕਰਨ ਦੇ ਯੋਗਦਾਨ ਬਦਲੇ ਰਾਮਗੜ੍ਹੀਆ ਸਿੱਖ ਗੁਰਦੁਆਰਾ ਸਲਾਓ ਯੂ.ਕੇ. ਅਤੇ ਅਮਰਜੀਤ ਸਿੰਘ ਭੱਚੂ, ਸੁਬੇਗ ਸਿੰਘ ਭੱਚੂ ਦਾ ਹਾਰਦਿਕ ਧੰਨਵਾਦ ਕੀਤਾ ਹੈ |