ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਤਰਨ ਤਾਰਨ ਹਲਕੇ ਦੀ ਉੱਪ ਚੋਣ ਲਈ ਪ੍ਰਚਾਰ ਦੌਰਾਨ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ/ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਦੇਸ਼ ਦੇ ਸਾਬਕਾ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਰੰਗ ਤੇ ਜਾਤ ਨੂੰ ਲੈ ਕੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਬਾਅਦ ਕਾਂਗਰਸ ਵੋਟ ਦੀ ਹੱਕਦਾਰ ਨਹੀਂ | ਇਹ ਪ੍ਰਗਟਾਵਾ ਐੱਸ.ਸੀ.-ਬੀ.ਸੀ. ਭਲਾਈ ਮੰਚ ਪਮਾਲ ਦੇ ਪ੍ਰਧਾਨ ਜਤਿੰਦਰ ਸਿੰਘ ਵਲੋਂ ਕੀਤਾ ਗਿਆ | ਉਨ੍ਹਾਂ ਨਾਲ ਮੰਚ ਦੇ ਮੀਤ ਪ੍ਰਧਾਨ ਜਗਜੀਤ ਸਿੰਘ, ਜਨਰਲ ਸਕੱਤਰ ਦਰਸ਼ਨ ਸਿੰਘ, ਖ਼ਜ਼ਾਨਚੀ ਬਲਵਿੰਦਰ ਸਿੰਘ ਬਿੱਲੂ, ਕੈਪਟਨ ਸੋਹਣ ਸਿੰਘ, ਹਰਦੀਪ ਸਿੰਘ, ਨਿਰਮਲ ਸਿੰਘ, ਰਾਵਲ ਸਿੰਘ, ਬਲਦੇਵ ਸਿੰਘ, ਪਰਮਜੀਤ ਪੰਮਾ ਮੌਜੂਦ ਰਹੇ | ਰਿਟਾ: ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਪਮਾਲ ਨੇ ਕਿਹਾ ਕਿ ਰਾਜਾ ਵੜਿੰਗ ਵਿਰੁੱਧ ਐੱਸ.ਸੀ, ਐੱਸ.ਟੀ, ਹੋਰ ਧਾਰਾਵਾਂ ਹੇਠ ਕੇਸ ਦਰਜ ਹੋਣ ਬਾਅਦ ਤੁਰੰਤ ਗਿ੍ਫ਼ਤਾਰੀ ਹੋਣੀ ਚਾਹੀਦੀ ਸੀ | ਉਨ੍ਹਾਂ ਕੁੱਲ ਹਿੰਦ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਤੋਂ ਮੰਗ ਕੀਤੀ ਕਿ ਪਛੜੀਆਂ ਸ੍ਰੇਣੀਆਂ ਵਿਰੁੱਧ ਜ਼ਹਿਰ ਉਗਲਣ ਵਾਲੇ ਅਜਿਹੇ ਵਿਅਕਤੀ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨਗੀ ਤੋਂ ਲਾਂਭੇ ਕੀਤਾ ਜਾਵੇ | ਜਤਿੰਦਰ ਸਿੰਘ ਪਮਾਲ ਨੇ ਕਿਹਾ ਕਿ ਮਰਹੂਮ ਬੂਟਾ ਸਿੰਘ ਦੇ ਸਪੁੱਤਰ ਸਰਬਜੀਤ ਸਿੰਘ ਵਲੋਂ ਰਾਜਾ ਵੜਿੰਗ ਵਿਰੁੱਧ ਕਾਰਵਾਈ ਉਚਿਤ ਹੈ, ਕਿਉਂਕਿ ਰਾਜਾ ਵੜਿੰਗ ਨੇ ਬੂਟਾ ਸਿੰਘ ਦੇ ਪਰਿਵਾਰ ਅਤੇ ਮਜ਼੍ਹਬੀ ਸਿੱਖ ਭਾਈਚਾਰੇ ਦੀ ਭਾਵਨਾ ਨੂੰ ਠੇਸ ਪਹੁੰਚਾਈ ਹੈ |