ਮੁੱਲਾਂਪੁਰ-ਦਾਖਾ, 7 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ ਦਾਖਾ (ਲੁਧਿ:) ਵਿਖੇ 'ਅਨੁਭਵ' ਪ੍ਰੋਗਰਾਮ ਤਹਿਤ ਅੰਤਰ ਸਕੂਲ ਮੁਕਾਬਲੇ ਕਰਵਾਏ ਗਏ | ਇਲਾਕੇ ਦੇ ਮੋਹਰੀ ਸਕੂਲਾਂ ਦੇ ਸੈਂਕੜੇ ਵਿਦਿਆਰਥੀਆਂ ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲਿਆ | 'ਅਨੁਭਵ' ਮੁਕਾਬਲਿਆਂ ਦੀ ਆਰੰਭਤਾ ਸਮੇਂ ਜੀ.ਟੀ.ਬੀ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕੀ ਪ੍ਰਧਾਨ ਰਣਧੀਰ ਸਿੰਘ ਸੇਖੋਂ, ਡਾਇਰੈਕਟਰ ਡਾ: ਮਨੂਦੀਪ ਕੌਸ਼ਲ ਮੌਜੂਦ ਰਹੇ | ਰੰਗਾਰੰਗ ਪ੍ਰੋਗਰਾਮ ਨਾਲ ਹੋਈ ਆਰੰਭਤਾ ਬਾਅਦ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਰਾਜ ਅੰਦਰ ਭਖਦੇ ਮਾਮਲਿਆਂ 'ਤੇ ਪਰਚਾ ਪੜਿ੍ਹਆ ਗਿਆ | ਵਿਦਿਆਰਥੀਆਂ ਦੇ ਅੰਤਰ ਸਕੂਲ ਪੋਸਟਰ ਮੇਕਿੰਗ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੇਵਾਲ ਜੇਤੂ ਅਤੇ ਸਨਮਤੀ ਬਿਮਲ ਜੈਨ ਜਗਰਾਉਂ ਸਕੂਲ ਉਪ ਜੇਤੂ ਅਤੇ ਜੀ.ਐੱਚ.ਜੀ ਅਕੈਡਮੀ ਖੰਡੂਰ ਦੇ ਵਿਦਿਆਰਥੀ ਤੀਸਰੇ ਸਥਾਨ'ਤੇ ਰਹੇ | ਲੜਕੀਆਂ ਵਿਚਕਾਰ ਮਹਿੰਦੀ ਮੁਕਾਬਲੇ 'ਚ ਸਨਮਤੀ ਬਿਮਲ ਜੈਨ ਸਕੂਲ ਜਗਰਾਉਂ ਪਹਿਲਾ, ਪੀਸ ਪਬਲਿਕ ਸਕੂਲ ਭਨੋਹੜ ਦੂਸਰਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੇਵਾਲ ਤੀਸਰਾ ਸਥਾਨ ਹਾਸਲ ਕੀਤਾ | ਰੰਗੋਲੀ ਬਣਾਉਣ ਮੁਕਾਬਲੇ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਈਸੇਵਾਲ ਜੇਤੂ ਰਿਹਾ | ਗਰੁੱਪ ਡਾਂਸ ਮੁਕਾਬਲੇ ਵਿਚ ਪੀਸ ਪਬਲਿਕ ਸਕੂਲ ਭਨੋਹੜ ਪਹਿਲਾ, ਜੀ.ਟੀ.ਬੀ ਪਬਲਿਕ ਸਕੂਲ ਦਾਖਾ ਦੂਸਰਾ ਅਤੇ ਕੈਂਪ ਖਾਲਸਾ ਅਜੀਤਸਰ ਸਕੂਲ ਜਾਂਗਪੁਰ ਵਿਦਿਆਰਥੀਆਂ ਤੀਸਰਾ ਸਥਾਨ ਲਿਆ | ਗਰੁੱਪ ਗੀਤ ਮੁਕਾਬਲੇ ਵਿਚ ਸਨਮਤੀ ਬਿਮਲ ਜੈਨ ਜਗਰਾਉਂ ਜੇਤੂ, ਪੀਸ ਪਬਲਿਕ ਸਕੂਲ ਭਨੋਹੜ ਉਪ ਜੇਤੂ ਬਣਿਆ | ਅੱਧੀ ਦਰਜਨ ਹੋਰ ਮੁਕਾਬਲਿਆਂ ਸਮੇਂ ਵਿਦਿਆਰਥੀਆਂ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਵੱਖੋ-ਵੱਖ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਸਪੈਸ਼ਲ ਇਨਾਮ, ਪ੍ਰਸੰਸਾ ਪੱਤਰ 'ਏਕ ਜ਼ਰੀਆ' ਐੱਨ.ਜੀ.ਓ ਮੁਖੀ, ਸਮਾਜ ਸੇਵੀ ਅਨਮੋਲ ਕਵਾਤਰਾ ਵਲੋਂ ਵੰਡੇ ਗਏ | ਕਵਾਤਰਾ ਵਿਦਿਆਰਥੀਆਂ ਨੂੰ ਸੁਨੇਹਾ ਦਿੱਤਾ ਕਿ ਬੱਚਿਆਂ ਨੂੰ ਰਿਸ਼ਤਿਆਂ ਦੀ ਮੁੱਖ ਧਾਰਾ ਨੂੰ ਸਮਝਣਾ ਚਾਹੀਦਾ, ਹਮੇਸ਼ਾ ਰਚਨਾਤਮਕ ਪਾਸੇ ਦਿਆਨ ਹੋਣਾ ਚਾਹੀਦਾ, ਸਹਿਣਸ਼ੀਲਤਾ ਬਣਾਈ ਰੱਖੋ, ਆਪਣੇ ਮਾਪਿਆਂ ਨਾਲ ਕੰਮਾਂ ਸਮੇਂ ਹੱਥ ਵਟਾਇਆ ਜਾਵੇ |