ਮੁੱਲਾਂਪੁਰ-ਦਾਖਾ, 5 ਨਵੰਬਰ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਉਣ ਲਈ ਈਸਟਵੁੱਡ ਇੰਟਰਨੈਸ਼ਨਲ ਸਕੂਲ ਮੰਡੀ ਮੁੱਲਾਂਪੁਰ ਦੇ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ, ਸਕੂਲ ਸਟਾਫ਼ ਵਲੋਂ ਵਿਦਿਆਰਥੀਆਂ ਨਾਲ ਰਲਕੇ ਕੀਰਤਨ ਦਰਬਾਰ ਕਰਵਾਇਆ ਗਿਆ | ਵੱਖ-ਵੱਖ ਹਾਊਸ ਦੇ ਵਿਦਿਆਰਥੀਆਂ ਵਲੋਂ ਜੱਥਿਆਂ ਦੇ ਰੂਪ 'ਚ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਪਮਾ ਵਿਚ ਕੀਤਾ ਗਿਆ ਕੀਰਤਨ ਗੁਰੂ ਸਾਹਿਬ ਦੀ ਵਿਚਾਰਧਾਰਾ ਦਾ ਪ੍ਰਤੀਕ ਬਣਿਆ | ਸਕੂਲ ਪਿ੍ੰਸੀਪਲ ਡਾ: ਅਮਨਦੀਪ ਕੌਰ ਬਖਸ਼ੀ ਵਲੋਂ 'ਜਿਥੈ ਬਾਬਾ ਪੈਰ ਧਰਿ ਪੂਜਾ ਆਸਣੁ ਥਾਪਣਿ ਸੋਆ¨' ਪੰਗਤੀਆਂ ਦਾ ਉਚਾਰਣ ਕਰਕੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਹਰ ਇਕ ਦੇ ਹੱਕਾਂ, ਹਿੱਤਾਂ ਦੀ ਅਵਾਜ਼ ਬੁਲੰਦ ਕੀਤੀ ਤਾਂ ਹੀ ਗੁਰੂ ਸਾਹਿਬ ਨੂੰ ਸਮਾਜ ਉਸਰਈਏ ਸਤਿਗੁਰ ਨਾਨਕ ਕਿਹਾ ਜਾਂਦਾ ਹੈ | ਗੁਰੂ ਸਾਹਿਬ ਦੀ ਬਾਣੀ ਵਿਚ ਔਰਤ ਨੂੰ ਵਡਿਆਈ ਦਿੱਤੀ ਗਈ | ਵਿਦਿਆਰਥੀਆਂ ਨੂੰ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ 19 ਰਾਗਾਂ ਵਿਚ 974 ਸ਼ਬਦਾਂ ਦੀ ਰਚਨਾ ਕੀਤੀ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਮੌਕੇ ਸਕੂਲ ਕੈਂਪਸ ਅੰਦਰ ਧਾਰਮਿਕ ਪ੍ਰੋਗਰਾਮ ਉਪਰੰਤ ਵਿਦਿਆਰਥੀਆਂ ਦੇ ਕਵਿਤਾ, ਸ਼ਬਦ ਉਚਾਰਨ ਅਤੇ ਪਰਚਾ ਪੜ੍ਹਨ ਮੁਕਾਬਲੇ ਵੀ ਕਰਵਾਏ ਗਏੇ | ਸਕੂਲ ਦੇ ਪ੍ਰਬੰਧਕੀ ਪ੍ਰਧਾਨ ਦਮਨਜੀਤ ਸਿੰਘ ਮੋਹੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਿਦਿਆਰਥੀ, ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸ੍ਰੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ |