20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਰੇਹੜ੍ਹੀ-ਫੜ੍ਹੀ ਯੂਨੀਅਨ ਨੇ ਕਾਰਜਸਾਧਕ ਅਧਿਕਾਰੀ ਨਾਲ ਮੀਟਿੰਗ ਕੀਤੀ

ਅਜੀਤ ਡੈਸਕ 24-09-2025
ਜਗਰਾਉਂ, 23 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਵਿਖੇ ਰੇਹੜ੍ਹੀ-ਫੜ੍ਹੀ ਯੂਨੀਅਨ ਜਗਰਾਉਂ ਦਾ ਇਕ ਵਫ਼ਦ ਕਾਰਜਸਾਧਕ ਅਧਿਕਾਰੀ ਜਗਰਾਉਂ ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਮਿਲਿਆ | ਵਫ਼ਦ ਨੇ ਸਟਰੀਟ ਵੈਂਡਰਾਂ ਨੂੰ ਆਉਂਦੀਆਂ ਸਮੱਸਿਆਵਾਂ ਪ੍ਰਤੀ ਕਾਰਜਸਾਧਕ ਅਧਿਕਾਰੀ ਨੂੰ ਜਾਣੂ ਕਰਵਾਇਆ | ਯੂੁਨੀਅਨ ਆਗੂਆਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਸਟਰੀਟ ਵੈਂਡਰ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਕੋਲ ਸਿਰਫ਼ ਲਗਭਗ 858 ਸਟਰੀਟ ਵੈਂਡਰਾਂ ਨੇ ਲਾਇਸੰਸ ਬਣਾਵਾਏ ਹਨ, ਜਦ ਕਿ ਇਸ ਤੋਂ ਕੋਈ ਕਰੀਬ ਤਿੰਨ ਗੁਣਾ ਜਗਰਾਉਂ ਸ਼ਹਿਰ ਦੀਆਂ ਵੱਖ-ਵੱਖ ਸੜਕ 'ਤੇ ਰੇਹੜ੍ਹੀ-ਫੜੀ ਵਾਲੇ ਕੰਮ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਇਹ ਸਾਰਾ ਕੁਝ ਰਸੂਖਵਾਨਾਂ ਦੀ ਛਤਰ-ਛਾਇਆ ਹੇਠ ਚੱਲ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਸਾਨੂੰ ਕਮੇਟੀ ਵਲੋਂ ਨਿਰਧਾਰਿਤ ਕੀਤੀਆਂ ਥਾਂਵਾਂ 'ਤੇ ਭੇਜਿਆ ਜਾਵੇ ਪਰ ਸਹੂਲਤਾਂ ਸਟਰੀਟ ਵੈਂਡਰ ਐਕਟ ਅਨੁਸਾਰ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਉਨ੍ਹਾਂ ਕਿਹਾ ਕਿ ਕਮੇਟੀ ਲਾਇਸੰਸ ਵੀ ਉਸ ਗਿਣਤੀ ਵਿਚ ਬਣਾਵੇ ਜਿੰਨੀ ਜ਼ਰੂਰਤ ਹੋਵੇ | ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ ਵੀ ਆਪਣੀਆਂ ਸਮੱਸਿਆਵਾਂ ਸਬੰਧੀ ਜਾਣੂ ਕਰਵਾ ਕੇ ਆਏ ਹਨ | ਇਸ ਮੌਕੇ ਕਾਰਜਸਾਧਕ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਰੇਹੜ੍ਹੀ-ਫੜ੍ਹੀ ਯੂਨੀਅਨ ਦੇ ਆਗੂਆਂ ਨੇ ਕਮੇਟੀ ਵਲੋਂ ਨਿਰਧਾਰਿਤ ਕੀਤੀਆਂ ਚਾਰ ਥਾਂਵਾਂ 'ਤੇ ਜਾਣ ਦੀ ਸਹਿਮਤੀ ਪ੍ਰਗਟਾਈ ਹੈ | ਉਨ੍ਹਾਂ ਦੱਸਿਆ ਕਿ ਸ਼ਹਿਰ ਅੰਦਰ ਬਿਨ੍ਹਾਂ ਲਾਇਸੰਸ ਤੋਂ ਕੋਈ ਵੀ ਸਟਰੀਟ ਵੈਂਡਰ ਰੇਹੜ੍ਹੀ-ਫੜ੍ਹੀ ਨਹੀਂ ਲਗਵਾ ਸਕਦਾ ਹੈ | ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਲਾਇਸੰਸ ਨਹੀਂ ਬਣੇ, ਉਹ ਇਕ ਹਫ਼ਤੇ ਦੇ ਅੰਦਰ ਅੰਦਰ ਲਾਇਸੰਸ ਬਣਵਾਉਣ | ਇਸ ਤੋਂ ਬਾਅਦ ਬਿਨ੍ਹਾਂ ਲਾਇਸੰਸ ਵਾਲੇ ਸਟਰੀਟ ਵੈਂਡਰਾਂ ਦਾ ਸਾਮਾਨ ਅਤੇ ਸਾਧਨ ਜ਼ਬਤ ਕਰਕੇ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਜਿਨ੍ਹਾਂ ਚਾਰ ਥਾਂਵਾਂ 'ਤੇ ਸਟਰੀਟ ਵੈਂਡਰਾਂ ਨੂੰ ਭੇਜਿਆ ਜਾਵੇਗਾ, ਉਥੇ ਬਿਜਲੀ, ਪਾਣੀ, ਸਫ਼ਾਈ ਅਤੇ ਹੋਰ ਮੁੱਢਲੀ ਸਹੂਲਤਾਂ ਦਾ ਪ੍ਰਬੰਧ ਮੁਕੰਮਲ ਕੀਤਾ ਜਾਵੇਗਾ | ਇਸ ਮੌਕੇ ਬਲਬੀਰ ਸਿੰਘ ਬੀਰਾ, ਹੈਪੀ ਜੁਨੇਜਾ, ਸੰਨੀ ਕੁਮਾਰ, ਆਲਮ, ਸਾਜਿਦ ਅਲੀ, ਬਿੰਦਰ ਸਿੰਘ, ਧਰਮਿੰਦਰ ਸਿੰਘ, ਪੰਕਜ ਕੁਮਾਰ, ਟਿੰਕੂ ਕੁਮਾਰ, ਮਹਾਂਦੇਵ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਚਾਇਤੀ ਜ਼ਮੀਨ ਪੰਚਾਇਤ ਨੂੰ ਦੇਣ ਸੰਬੰਧੀ ਪਿੰਡ ਚਕਰ ਦਾ ਵਫ਼ਦ ਏ.ਡੀ.ਸੀ. ਨੂੰ ਮਿਲਿਆ ਅਗਲੀ ਖ਼ਬਰ 'ਗੁਰੂ ਮਾਨਿਓ ਗ੍ਰੰਥ' ਚੇਤਨਾ ਗੁਰਮਤਿ ਸਮਾਗਮ 'ਚ ਵੱਡੀ ਗਿਣਤੀ ਸੰਗਤਾਂ ਪੁੱਜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।