ਗੁਰੂਸਰ ਸੁਧਾਰ, 20 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਸੂਬੇ ਦੀ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਮੁੱਚੇ ਪੰਜਾਬ ਦੇ ਪਿੰਡਾਂ ਵਿਚ ਆਧੁਨਿਕ ਖੇਡ ਮੈਦਾਨ ਬਣਾਏ ਜਾਣ ਦਾ ਫ਼ੈਸਲਾ ਸ਼ਲਾਘਾਯੋਗ ਹੈ ਤੇ ਇਸ ਨਾਲ ਜਿਥੇ ਪੰਜਾਬ ਵਾਸੀਆਂ ਨੂੰ ਵੱਖ-ਵੱਖ ਖੇਡਾਂ ਵਿਚ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਦੇ ਮੌਕੇ ਮਿਲਣਗੇ, ਉਥੇ ਨਸ਼ਿਆਂ ਵਿਚ ਗਲਤਾਨ ਹੋ ਰਹੀ ਨੌਜਵਾਨੀ ਨੂੰ ਬਚਾਉਣ ਲਈ ਵੀ ਇਹ ਆਧੁਨਿਕ ਖੇਡ ਮੈਦਾਨ ਬਹੁਤ ਸਹਾਈ ਸਿੱਧ ਹੋਣਗੇ | ਯੁਵਕ ਸੇਵਾਵਾਂ ਵਿਭਾਗ ਦੇ ਹਲਕਾ ਦਾਖਾ ਟੀਮ ਦੇ ਸਰਗਰਮ ਮੈਂਬਰ ਸਿਮਰਨਜੀਤ ਸਿੰਘ ਗਰੇਵਾਲ ਸਹੌਲੀ ਨੇ ਉਕਤ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਹਲਕਾ ਦਾਖਾ ਦੇ ਇੰਚਾਰਜ ਡਾ. ਕੇ.ਐੱਨ.ਐੱਸ.ਕੰਗ ਦੀ ਦੇਖ-ਰੇਖ ਹੇਠ ਸਰਾਭਾ, ਸਹੌਲੀ, ਢੈਪਈ, ਚਮਿੰਡਾ, ਗੁੱਜਰਵਾਲ ਸਮੇਤ ਹੋਰਨਾਂ ਪਿੰਡਾਂ ਵਿਚ ਆਉਣ ਵਾਲੇ ਸਮੇਂ ਦੌਰਾਨ ਸ਼ਾਨਦਾਰ ਨਵੇਂ ਖੇਡ ਮੈਦਾਨ ਉਸਾਰੇ ਜਾਣਗੇ | ਉਨ੍ਹਾਂ ਕਿਹਾ ਕਿ 'ਆਪ' ਸਰਕਾਰ ਵਲੋਂ 7 ਕਰੋੜ 83 ਲੱਖ ਰੁਪਏ ਦੀ ਲਾਗਤ ਨਾਲ ਹਲਕਾ ਦਾਖਾ ਦੇ ਪਿੰਡਾਂ ਵਿਚ ਖੇਡ ਮੈਦਾਨਾਂ ਦੀ ਉਸਾਰੀ ਕੀਤੀ ਜਾਵੇਗੀ ਤੇ ਇਸ ਪਹਿਲਕਦਮੀ ਸਦਕਾ ਨੌਜਵਾਨਾਂ ਸਮੇਤ ਹਰ ਵਰਗ ਦੇ ਲੋਕਾਂ ਦੀ ਸਰੀਰਕ ਸਿਹਤ ਤੇ ਮਾਨਸਿਕ ਸਥਿਤੀ ਬਿਹਤਰ ਬਣੇਗੀ ਤੇ ਇਸ ਨਾਲ ਜਿਥੇ ਚੰਗੇ ਤੇ ਨਾਮੀ ਖਿਡਾਰੀ ਪੈਦਾ ਹੋਣਗੇ ਉਥੇ ਨਿਰੋਏ ਸਮਾਜ ਦੀ ਸਥਾਪਨਾ ਸੰਭਵ ਹੋ ਸਕੇਗੀ |