ਗੜ੍ਹਸ਼ੰਕਰ, 8 ਦਸੰਬਰ (ਧਾਲੀਵਾਲ)- ਸੰਯੁਕਤ ਕਿਸਾਨ ਮੋਰਚੇ ਵੱਲੋਂ ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ 2025 ਦੀਆਂ ਕਾਪੀਆਂ ਸਬ-ਡਵੀਜ਼ਨ ਪੱਧਰ 'ਤੇ ਸਾੜਨ ਦੇ ਦਿੱਤੇ ਗਏ ਸੱਦੇ ਤਹਿਤ ਗੜ੍ਹਸ਼ੰਕਰ ਦੀਆਂ ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ ਜਥੇਬੰਦੀਆਂ ਤੇ ਬਿਜਲੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਦੇ ਸਰਗਰਮ ਆਗੂਆਂ ਵੱਲੋਂ ਇੱਥੇ ਪਾਵਰ ਕਾਮ ਦੇ ਮੰਡਲ ਦਫ਼ਤਰ ਦੇ ਗੇਟ 'ਤੇ ਦੋਵਾਂ ਸੋਧ ਬਿੱਲਾਂ ਦੀਆਂ ਕਾਪੀਆਂ ਸਾੜ ਕੇ ਰੋਹ ਭਰਪੂਰ ਪ੍ਰਦਰਸ਼ਨ ਕੀਤਾ | ਕਾਪੀਆਂ ਸਾੜਨ ਤੋਂ ਪਹਿਲਾ ਇਕੱਤਰ ਹੋਏ ਕਿਸਾਨਾਂ ਤੇ ਮੁਲਾਜ਼ਮਾਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਸੰਘਰਸ਼ਸ਼ੀਲ ਕਿਸਾਨ ਤੇ ਮੁਲਾਜ਼ਮ ਆਗੂਆਂ ਗੁਰਨੇਕ ਭੱਜਲ, ਕੁਲਵਿੰਦਰ ਚਾਹਲ, ਕੁਲਭੂਸ਼ਨ ਮਹਿੰਦਵਾਣੀ, ਇੰਜ. ਕਮਲ ਦੇਵ ਰਿਟਾਇਰਡ ਐੱਸ.ਡੀ.ਓ., ਅਸ਼ਵਨੀ ਕੁਮਾਰ ਸਰਕਲ ਸਕੱਤਰ ਤੇ ਮੁਕੇਸ਼ ਕੁਮਾਰ ਨੇ ਕਿਹਾ ਕਿ ਕੇਂਦਰ ਦੀ ਫਾਸੀਵਾਦੀ ਸਰਕਾਰ ਵਿਦੇਸ਼ੀ ਕਾਰਪੋਰੇਟਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਰਕਾਰੀ ਤੇ ਜਨਤਕ ਅਦਾਰਿਆਂ ਦਾ ਭੋਗ ਪਾ ਰਹੀ ਹੈ ਤੇ ਇਨ੍ਹਾਂ ਨੂੰ ਸਿੱਧੇ ਨਿੱਜੀ ਹੱਥਾਂ ਵਿਚ ਸੌਂਪ ਰਹੀ ਹੈ | ਇਸ ਮੌਕੇ ਕਿਸਾਨ ਆਗੂ ਦਰਸ਼ਨ ਸਿੰਘ ਮੱਟੂ, ਰਾਮ ਜੀ ਦਾਸ ਚੌਹਾਨ, ਪ੍ਰੋ. ਕੁਲਵੰਤ ਗੋਲੇਵਾਲ, ਕੁਲਵਿੰਦਰ ਸੰਘਾ, ਸਮਸ਼ੇਰ ਸਿੰਘ ਚੱਕ ਸਿੰਘਾ, ਰਾਮ ਪਾਲ ਟੀ.ਐੱਸ.ਯੂ. ਆਗੂ ਮੂਲ ਰਾਜ, ਹੰਸ ਰਾਜ ਗੜ੍ਹਸ਼ੰਕਰ ਨੇ ਕਿਹਾ ਕਿ ਬਿਜਲੀ ਆਰਡੀਨੈਂਸ ਲਿਆ ਕੇ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਤੇ ਸਸਤੀ ਬਿਜਲੀ ਨੂੰ ਖ਼ਤਮ ਕਰਕੇ ਕਾਰਪੋਰੇਟਾਂ ਨੂੰ ਮੁਨਾਫ਼ਾ ਕਮਾਉਣ ਲਈ ਯਤਨਸ਼ੀਲ ਹੈ | ਇਸ ਮੌਕੇ ਕਿਸਾਨ ਯੂਨੀਅਨਾਂ ਦੇ ਆਗੂ ਸ਼ਿੰਗਾਰਾ ਰਾਮ ਭੱਜਲ, ਕਸ਼ਮੀਰ ਸਿੰਘ ਭੱਜਲ, ਅਮਰਜੀਤ ਸਿੰਘ ਬੰਗੜ, ਸਤਪਾਲ ਕਲੇਰ, ਗੁਰਮੇਲ ਸਿੰਘ, ਬਲਵੰਤ ਰਾਮ, ਪਿ੍ੰਸੀਪਲ ਜਗਦੀਸ਼ ਰਾਏ, ਗਿਆਨੀ ਅਵਤਾਰ ਸਿੰਘ ਹਾਜ਼ਰ ਹੋਏ | ਆਗੂਆਂ ਨੇ ਕੇਂਦਰ ਤੇ ਰਾਜ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਸੋਧ ਬਿੱਲਾਂ ਨੂੰ ਵਾਪਸ ਨਾ ਲਿਆ ਗਿਆ ਤਾਂ ਪੰਜਾਬ ਤੇ ਦੇਸ਼ ਦੇ ਸਮੂਹ ਕਿਰਤੀ ਲੋਕ ਇਸ ਦੇ ਖ਼ਿਲਾਫ਼ ਪੰਜਾਬ ਤੇ ਦੇਸ਼ ਪੱਧਰ 'ਤੇ ਵੱਡਾ ਅੰਦੋਲਨ ਛੇੜਨਗੇ |