ਹੁਸ਼ਿਆਰਪੁਰ, 8 ਦਸੰਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਰਿਆਤ ਬਾਹਰਾ ਕਾਲਜ ਆਫ਼ ਨਰਸਿੰਗ ਹੁਸ਼ਿਆਰਪੁਰ 'ਚ ਵਿਸ਼ਵ ਏਡਜ਼ ਦਿਵਸ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ | ਜਾਣਕਾਰੀ ਦਿੰਦੇ ਹੋਏ ਕਾਲਜ ਪਿ੍ੰਸੀਪਲ ਡਾ. ਮੀਨਾਕਸ਼ੀ ਚੰਦ ਨੇ ਦੱਸਿਆ ਕਿ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਤੇ ਭਾਈਚਾਰੇ ਵਿਚ ਐੱਚ.ਆਈ.ਵੀ./ਏਡਜ਼ ਬਾਰੇ ਜਾਗਰੂਕਤਾ ਪੈਦਾ ਕਰਨਾ, ਗਲਤ ਧਾਰਨਾਵਾਂ ਨੂੰ ਦੂਰ ਕਰਨਾ ਅਤੇ ਸੁਰੱਖਿਅਤ ਵਿਵਹਾਰ ਤੇ ਨਿਯਮਤ ਜਾਂਚ ਦੀ ਮਹੱਤਤਾ 'ਤੇ ਜ਼ੋਰ ਦੇਣਾ ਸੀ | ਪ੍ਰੋਗਰਾਮ ਦੇ ਹਿੱਸੇ ਵਜੋਂ ਰੈੱਡ ਰਿਬਨ ਕਲੱਬ ਦੇ ਸਹਿਯੋਗ ਨਾਲ ਇੱਕ ਪੋਸਟਰ ਬਣਾਉਣ ਦਾ ਮੁਕਾਬਲਾ ਆਯੋਜਿਤ ਕੀਤਾ ਗਿਆ | ਵਿਦਿਆਰਥੀਆਂ ਨੇ ਐਚ.ਆਈ.ਵੀ. ਰੋਕਥਾਮ, ਮਿੱਥਾਂ ਅਤੇ ਤੱਥਾਂ, ਨੌਜਵਾਨਾਂ ਦੀ ਭਾਗੀਦਾਰੀ ਅਤੇ ਰੈੱਡ ਰਿਬਨ ਦੀ ਸਮਾਜਿਕ ਮਹੱਤਤਾ ਵਰਗੇ ਵਿਸ਼ਿਆਂ 'ਤੇ ਆਕਰਸ਼ਕ ਅਤੇ ਜਾਣਕਾਰੀ ਭਰਪੂਰ ਪੋਸਟਰ ਪ੍ਰਦਰਸ਼ਿਤ ਕੀਤੇ | ਜਪਨੀਤ ਨੇ ਪਹਿਲਾ, ਰੇਣੂ ਨੇ ਦੂਜਾ ਅਤੇ ਭੂਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਉਪਰੰਤ ਵਿਦਿਆਰਥੀਆਂ ਨੇ ਕਾਲਜ ਕੈਂਪਸ 'ਚ ਜਾਗਰੂਕਤਾ ਰੈਲੀ ਵੀ ਕੱਢੀ ਅਤੇ ਇਕ ਮਨੁੱਖੀ ਲੜੀ ਬਣਾਈ | ਇਸ ਮੌਕੇ ਪ੍ਰੋ. ਕੰਚਨ, ਪ੍ਰੋ. ਸ਼ਿਵਾਲੀ, ਪ੍ਰੋ. ਰਿਤਿਕਾ ਸ਼ਰਮਾ ਅਤੇ ਕਾਲਜ ਦਾ ਸਮੁੱਚਾ ਸਟਾਫ਼ ਮੌਜੂਦ ਸੀ |